ਸ੍ਰੀਨਗਰ: ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਜੈਸ਼-ਏ-ਮੁਹੰਮਦ (ਜੇਈਐੱਮ) ਦੇ ਦੋ ਅਤਿਵਾਦੀ ਹਲਾਕ ਹੋ ਗਏ। ਇਹ ਦੋਵੇਂ ਫ਼ੌਜ ਦੀ ਅਗਨੀਵੀਰ ਭਰਤੀ ਰੈਲੀ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਐੱਸਪੀ ਰਈਸ ਭੱਟ ਨੇ ਦੱਸਿਆ ਕਿ ਖੁਫੀਆ ਏਜੰਸੀਆਂ ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ ’ਤੇ ਜਦੋਂ ਉਨ੍ਹਾਂ ਯੇਦੀਪੋਰਾ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਆਰੰਭੀ ਤਾਂ ਅਤਿਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮੁਕਾਬਲਾ ਸ਼ੁਰੂ ਹੋ ਗਿਆ। ਲੰਮਾ ਸਮਾਂ ਚੱਲੇ ਇਸ ਮੁਕਾਬਲੇ ਵਿੱਚ ਦੋ ਦਹਿਸ਼ਤਗਰਦ ਮਾਰੇ ਗਏ। ਉਨ੍ਹਾਂ ਦੱਸਿਆ ਕਿ ਇਹ ਅਤਿਵਾਦੀ ਵੀਰਵਾਰ ਨੂੰ ਪੱਟਨ ਦੇ ਹੈਦਰਬੇਗ ਵਿੱਚ ਹੋਈ ਅਗਨੀਵੀਰ ਭਰਤੀ ਰੈਲੀ ਨੂੰ ਨਿਸ਼ਾਨਾ ਬਣਾਉਣ ਦੀ ਤਾਕ ਵਿੱਚ ਸਨ। ਉਨ੍ਹਾਂ ਕਿਹਾ, ‘‘ਜਾਣਕਾਰੀ ਅਨੁਸਾਰ ਉਹ (ਅਤਿਵਾਦੀ) ਫ਼ੌਜ ਦੀ ਅਗਨੀਵੀਰ (ਭਰਤੀ) ਰੈਲੀ ਨੂੰ ਨਿਸ਼ਾਨਾ ਬਣਾ ਕੇ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਹੇ ਨੌਜਵਾਨਾਂ ਨੂੰ ਪ੍ਰੇਸ਼ਾਨ ਕਰਨ ਤੇ ਰੈਲੀ ਨੂੰ ਅਸਫਲ ਕਰਨ ਦੀ ਯੋਜਨਾ ਬਣਾ ਰਹੇ ਸਨ ਪਰ ਅਸੀਂ ਉਨ੍ਹਾਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ।’’ ਸੁਰੱਖਿਆ ਬਲਾਂ ਨੇ ਮੌਕੇ ਤੋਂ ਏਕੇਐੱਸ-74ਯੂ ਰਾਈਫਲ, ਇੱਕ ਪਿਸਤੌਲ ਤੇ ਹੋਰ ਅਸਲਾ ਬਰਾਮਦ ਕੀਤਾ ਹੈ। ਭੱਟ ਨੇ ਕਿਹਾ ਕਿ ਮਾਰੇ ਗਏ ਅਤਿਵਾਦੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਹਾਲਾਂਕਿ ਕਸ਼ਮੀਰ ਦੇ ਏਡੀਜੀਪੀ ਵਿਜੈ ਕੁਮਾਰ ਨੇ ਦੱਸਿਆ ਕਿ ਮਾਰੇ ਗਏ ਅਤਿਵਾਦੀ ਜੈਸ਼-ਏ-ਮੁਹੰਮਦ ਨਾਲ ਸਬੰਧਤ ਸਨ।
-ਪੀਟੀਆਈ