ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 10 ਨਵੰਬਰ
ਬਰਗਾੜੀ ਮੋਰਚੇ ਦੀ ਸਮਾਪਤੀ ਵੇਲੇ ਸਰਕਾਰ ਵੱਲੋਂ ਮੰਗਾਂ ਮੰਨਣ ਅਤੇ ਨਿਆਂ ਦੇਣ ਦੇ ਦਿੱਤੇ ਭਰੋਸੇ ਤੋਂ ਭੱਜਣ ਦੇ ਦੋਸ਼ ਸਬੰਧੀ ਆਪਣਾ ਪੱਖ ਰੱਖਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਸੰਖੇਪ ਸਪਸ਼ਟੀਕਰਨ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਭੇਜਿਆ ਹੈ। ਇਸ ਸਪਸ਼ਟੀਕਰਨ ਤੋਂ ਸੰਤੁਸ਼ਟ ਨਾ ਹੁੰਦੇ ਹੋਏ ਮੁਤਵਾਜ਼ੀ ਜਥੇਦਾਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜ ਦਸੰਬਰ ਤੱਕ ਦਾ ਸਮਾਂ ਦਿੰਦਿਆਂ ਖ਼ੁਦ ਹਾਜ਼ਰ ਹੋ ਕੇ ਵਿਸਥਾਰਤ ਸਪਸ਼ਟੀਕਰਨ ਦੇਣ ਦਾ ਮੌਕਾ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਪੰਜ ਏਲਚੀਆਂ, ਜਿਨ੍ਹਾਂ ਵਿੱਚ ਕਾਂਗਰਸ ਸਰਕਾਰ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਸ਼ਾਮਲ ਹਨ, ਬਾਰੇ ਆਪਣਾ ਫੈ਼ਸਲਾ ਵੀ 5 ਦਸੰਬਰ ਤੱਕ ਰਾਖਵਾਂ ਰੱਖ ਲਿਆ ਹੈ। ਅੱਜ ਭਾਈ ਮੰਡ ਤੇ ਉਨ੍ਹਾਂ ਦੇ ਸਾਥੀਆਂ ਨੇ ਸਕੱਤਰੇਤ ਨੇੜੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਪੰਜ ਦਸੰਬਰ ਤੱਕ ਆਪਣਾ ਵਿਸਥਾਰਤ ਸਪਸ਼ਟੀਕਰਨ ਭੇਜਣ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕੈਪਟਨ ਨੂੰ ਦੋ ਵਾਰ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਇਸ ਆਖਰੀ ਮੌਕੇ ’ਤੇ ਵੀ ਉਨ੍ਹਾਂ ਖ਼ੁਦ ਨਾ ਆ ਕੇ ਸੰਖੇਪ ਸਪਸ਼ਟੀਕਰਨ ਭੇਜਿਆ ਹੈ। ਮੰਡ ਨੇ ਕਿਹਾ ਕਿ ਕੈਪਟਨ ਨੇ ਇਹ ਵੀ ਨਹੀਂ ਦੱਸਿਆ ਕਿ ਬੇਅਦਬੀ ਮੋਰਚਾ ਖਤਮ ਕਰਵਾਉਣ ਵੇਲੇ ਦਿੱਤੇ ਭਰੋੋਸੇ ’ਤੇ ਉਹ ਖਰੇ ਕਿਉਂ ਨਹੀਂ ਉਤਰੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜ ਏਲਚੀਆਂ, ਜਿਨ੍ਹਾਂ ਵਿੱਚ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਵਿਧਾਇਕ ਹਰਮਿੰਦਰ ਸਿੰਘ ਗਿੱਲ, ਕੁਸ਼ਲਦੀਪ ਸਿੰਘ ਢਿੱਲੋਂ ਤੇ ਕੁਲਬੀਰ ਸਿੰਘ ਜੀਰਾ ਸ਼ਾਮਲ ਹਨ, ਨੇ ਆਪਣੇ ਸਪਸ਼ਟੀਕਰਨ ਵਿੱਚ ਇਸ ਮਾਮਲੇ ਦੀ ਸਮੁੱਚੀ ਜ਼ਿੰਮੇਵਾਰੀ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਪਾਈ ਹੈ। ਮੰਡ ਨੇ ਇਨ੍ਹਾਂ ਪੰਜ ਏਲਚੀਆਂ ਬਾਰੇ ਵੀ ਫ਼ੈਸਲਾ 5 ਦਸੰਬਰ ਤੱਕ ਰਾਖਵਾਂ ਰੱਖ ਲਿਆ ਹੈ।