ਸ਼ਿਮਲਾ/ਜੰਮੂ, 1 ਅਗਸਤ
ਮੁੱਖ ਅੰਸ਼
- ਕੇਰਲਾ ਵਿੱਚ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਬਿਆਸ ਦਰਿਆ ’ਚ ਹੜ੍ਹ ਆਉਣ ਕਾਰਨ ਤਿੰਨ ਵਿਅਕਤੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ, ਜਦਕਿ 30 ਤੋਂ ਵੱਧ ਇਮਾਰਤਾਂ ਖ਼ਾਲੀ ਕਰਵਾ ਲਈਆਂ ਗਈਆਂ ਹਨ। ਸੂਬਾ ਆਫ਼ਤ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ ਐਤਵਾਰ ਨੂੰ ਮਨਾਲੀ ਤਹਿਸੀਲ ਦੇ 14 ਮੀਲ ਇਲਾਕੇ ਵਿੱਚ ਪੁਲੀਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੱਲੋਂ ਬਚਾਅ ਕਾਰਜ ਸ਼ੁਰੂ ਕੀਤੇ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਮਨਾਲੀ ਦੇ ਬਾਹਿੰਗ ਪਿੰਡ ਵਿੱਚ ਕੁੱਲੂ ਪ੍ਰਸ਼ਾਸਨ ਨੇ ਬਿਆਸ ਦਰਿਆ ਦੇ ਨਾਲ ਲੱਗਦੀਆਂ ਇਮਾਰਤਾਂ ਖ਼ਾਲੀ ਕਰਵਾ ਲਈਆਂ ਹਨ। ਇਸ ਦੌਰਾਨ ਨਵੇਂ ਉਸਾਰੇ ਗਏ ਦੋ ਅਸਥਾਈ ਪੁਲ ਪਾਣੀ ਵਿੱਚ ਰੁੜ ਗਏ। ਅਧਿਕਾਰੀਆਂ ਨੇ ਦੱਸਿਆ ਕਿ ਲਾਹੌਲ-ਸਪਿਤੀ ਵਿੱਚ ਤਾਜ਼ਾ ਹੜ੍ਹ ਆਉਣ ਕਾਰਨ ਲਗਪਗ 150 ਵਿਅਕਤੀ ਉੱਥੇ ਫਸ ਗਏ ਹਨ। ਲਾਹੌਲ-ਸਪਿਤੀ ਦੇ ਜ਼ਿਲ੍ਹਾ ਐਮਰਜੈਂਸੀ ਅਪਰੇਸ਼ਨਜ਼ ਕੇਂਦਰ ਅਨੁਸਾਰ ਪੁਲੀਸ, ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਅਤੇ ਪ੍ਰਸ਼ਾਸਨਿਕ ਟੀਮਾਂ ਨੇ ਦੇਰ ਰਾਤ ਤੱਕ ਇਨ੍ਹਾਂ 150 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਇਸੇ ਦੌਰਾਨ ਜੰਮੂ ਕਸ਼ਮੀਰ ਵਿੱਚ ਭਾਰੀ ਮੀਂਹ ਕਾਰਨ ਪੁਣਛ ਜ਼ਿਲ੍ਹੇ ਦੇ ਸੂਰਨਕੋਟ ਸ਼ਹਿਰ ਵਿੱਚ ਹੜ੍ਹ ਆ ਗਏ, ਜਿਸ ਕਾਰਨ ਪ੍ਰਸ਼ਾਸਨ ਨੂੰ ਇਲਾਕੇ ਦੀਆਂ ਸਿੱਖਿਆ ਸੰਸਥਾਵਾਂ ਨੂੰ ਬੰਦ ਕਰਨਾ ਪਿਆ। ਅਧਿਕਾਰੀਆਂ ਅਨੁਸਾਰ ਸੂਰਨਕੋਟ ਦੇ ਪਹਾੜੀ ਇਲਾਕੇ ਵਿੱਚ ਰਾਤ ਭਰ ਪਏ ਮੀਂਹ ਮਗਰੋਂ ਹੜ੍ਹ ਆ ਗਏ ਅਤੇ ਘਰਾਂ ਅਤੇ ਦੁਕਾਨਾਂ ਵਿੱਚ ਪਾਣੀ ਦਾਖ਼ਲ ਹੋ ਗਿਆ। ਸੈਨਾ ਅਤੇ ਪੁਲੀਸ ਨੂੰ ਲੋਕਾਂ ਦੀ ਮਦਦ ਵਿੱਚ ਲਗਾਇਆ ਗਿਆ ਹੈ।
ਤਿਰੂਵਨੰਤਪੁਰਮ/ ਪਠਾਨਮਥਿੱਟਾ: ਕੇਰਲਾ ਵਿੱਚ ਪਠਾਨਮਥਿੱਟਾ ਜ਼ਿਲ੍ਹੇ ਦੇ ਵੇਨੀਕੁਲਮ ਨੇੜੇ ਭਾਰੀ ਮੀਂਹ ਦੌਰਾਨ ਸੜਕ ਤੋਂ ਤਿਲਕਣ ਕਾਰਨ ਇੱਕ ਕਾਰ ਨਦੀ ਵਿੱਚ ਡਿੱਗ ਗਈ, ਜਿਸ ਕਾਰਨ ਕਾਰ ਵਿੱਚ ਸਵਾਰ ਚਾਂਡੀ ਮੈਥਿਉ, ਉਸ ਦੀ ਪਤਨੀ ਅਤੇ ਧੀ ਦੀ ਮੌਤ ਹੋ ਗਈ। ਇਸੇ ਦੌਰਾਨ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਪਠਾਨਮਥਿੱਟਾ ਜ਼ਿਲ੍ਹੇ ਦੇ ਪਿੰਡ ਅਥਿੱਕਾਯਾਮ ਵਿੱਚ ਪੰਪਾ ਦਰਿਆ ’ਚ ਇੱਕ 60 ਸਾਲਾ ਵਿਅਕਤੀ ਰੁੜ ਗਿਆ, ਜਿਸ ਦੀ ਭਾਲ ਜਾਰੀ ਹੈ। ਅਧਿਕਾਰੀ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਕੋਟਾਯਮ ਵਿੱਚ ਘੁੰਮਣ ਆਏ 25 ਸੈਲਾਨੀ ਫਸ ਗਏ ਹਨ, ਜਿਨ੍ਹਾਂ ਨੂੰ ਨੇੜਲੇ ਸਰਕਾਰੀ ਸਕੂਲਾਂ ਅਤੇ ਘਰਾਂ ਵਿੱਚ ਠਹਿਰਾਇਆ ਗਿਆ ਹੈ। -ਪੀਟੀਆਈ
ਰਾਜਸਥਾਨ ’ਚ ਜੁਲਾਈ ਮਹੀਨੇ ਪਏ ਮੀਂਹ ਨੇ ਸੱਤ ਦਹਾਕਿਆਂ ਦਾ ਰਿਕਾਰਡ ਤੋੜਿਆ
ਜੈਪੁਰ: ਰਾਜਸਥਾਨ ਵਿੱਚ ਜੁਲਾਈ ਮਹੀਨੇ ਦੌਰਾਨ ਪਏ ਮੀਂਹ ਨੇ ਸੂਬੇ ਵਿੱਚ ਪਿਛਲੇ ਸੱਤ ਦਹਾਕਿਆਂ ਦਾ ਰਿਕਾਰਡ ਤੋੜ ਦਿੱਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਜੁਲਾਈ ਮਹੀਨੇ ਸੂਬੇ ਵਿੱਚ ਸਭ ਤੋਂ ਵੱਧ 270 ਮਿਲੀਮੀਟਰ ਮੀਂਹ ਪਿਆ। ਮੌਸਮ ਵਿਭਾਗ ਨੇ ਇਸ ਹਫ਼ਤੇ ਵੀ ਭਰਵੇਂ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਜੈਪੁਰ ਦੇ ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਜੁਲਾਈ ਮਹੀਨੇ ਦੌਰਾਨ ਸੂਬੇ ਵਿੱਚ 270 ਐੱਮਐੱਮ ਮੀਂਹ ਪਿਆ, ਜੋ ਕਿ ਔਸਤ 161.4 ਮਿਲੀਮੀਟਰ ਤੋਂ 67 ਫੀਸਦੀ ਅਤੇ ਪਿਛਲੇ ਸੱਤ ਦਹਾਕਿਆਂ ਤੋਂ ਸਭ ਤੋਂ ਵੱਧ ਹੈ। ਸਾਲ 1956 ਦੌਰਾਨ ਜੁਲਾਈ ਮਹੀਨੇ ਵਿੱਚ ਸੂਬੇ ’ਚ 308.7 ਐੱਮਐੱਮ ਮੀਂਹ ਪਿਆ ਸੀ। ਹਾਲਾਂਕਿ ਪਿਛਲੇ ਸਾਲ ਰਾਜਸਥਾਨ ਵਿੱਚ ਸਿਰਫ਼ 130.8 ਐੱਮਐੱਮ ਮੀਂਹ ਪਿਆ ਸੀ। ਸਾਲ 1908 ਦੌਰਾਨ ਸੂਬੇ ਵਿੱਚ 288 ਐੱਮਐੱਮ, 1943 ਵਿੱਚ 270 ਐੱਮਐੱਮ, 2015 ਵਿੱਚ 262.3 ਐੱਮਐੱਮ, 2017 ਵਿੱਚ 252.2 ਐੱਮਐੱਮ ਅਤੇ ਸਾਲ 2022 ਵਿੱਚ 270 ਐੱਮਐੱਮ ਮੀਂਹ ਦਰਜ ਕੀਤਾ ਗਿਆ।ਪੂਰਬੀ ਰਾਜਸਥਾਨ ਦੇ ਜ਼ਿਲ੍ਹਿਆਂ ਅਤੇ ਕੋਟਾ ਅਧੀਨ ਪੈਂਦੇ ਇਲਾਕਿਆਂ ਵਿੱਚ 4 ਅਗਸਤ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। -ਪੀਟੀਆਈ