ਕੋਲਕਾਤਾ, 13 ਨਵੰਬਰ
Bengal bypolls: ਪੱਛਮੀ ਬੰਗਾਲ ਵਿੱਚ ਛੇ ਵਿਧਾਨ ਸਭਾ ਹਲਕਿਆਂ ਲਈ ਹੋਈਆਂ ਜ਼ਿਮਨੀ ਚੋਣਾਂ ਵਿੱਚ ਗੋਲੀਬਾਰੀ ਦੌਰਾਨ ਜ਼ਖਮੀ ਤ੍ਰਿਣਮੂਲ ਕਾਂਗਰਸ ਦੇ ਆਗੂ ਮੌਤ ਹੋ ਗਈ ਹੈ। ਉੱਤਰੀ 24 ਪਰਗਨਾ ਜ਼ਿਲੇ ਦੇ ਨੈਹਾਤੀ ਵਿਧਾਨ ਸਭਾ ਹਲਕੇ ਦੇ ਨਾਲ ਲੱਗਦੇ ਜਗਤਦਲ ’ਚ ਗੋਲੀਬਾਰੀ ਹੋਈ ਸੀ। ਪੀੜਤ ਦੀ ਪਛਾਣ ਸਥਾਨਕ ਭਾਟਪਾੜਾ ਨਗਰਪਾਲਿਕਾ ਦੇ ਵਾਰਡ ਨੰਬਰ 12 ਦੇ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਵਾਰਡ ਪ੍ਰਧਾਨ ਅਸ਼ੋਕ ਸੌ ਦੇ ਰੂਪ ’ਚ ਹੋਈ ਹੈ। ਸੌ ਦੀ ਮੌਤ ਦੀ ਖ਼ਬਰ ਫੈਲਣ ਦੇ ਬਾਅਦ ਤੋਂ ਹੀ ਇਲਾਕੇ ’ਚ ਤਣਾਅ ਬਣਿਆ ਹੋਇਆ ਹੈ ਅਤੇ ਸਥਿਤੀ ਨੂੰ ਕਾਬੂ ’ਚ ਰੱਖਣ ਲਈ ਭਾਰੀ ਪੁਲਿਸ ਬਲ ਉੱਥੇ ਤਾਇਨਾਤ ਕਰ ਦਿੱਤਾ ਗਿਆ ਹੈ।
ਭਾਰਤੀ ਚੋਣ ਕਮਿਸ਼ਨ ਨੇ ਇਸ ਮਾਮਲੇ ਵਿੱਚ ਉੱਤਰੀ 24 ਪਰਗਨਾ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਤੋਂ ਪਹਿਲਾਂ ਹੀ ਰਿਪੋਰਟ ਮੰਗੀ ਹੈ। ਹਮਲਾ ਕਰਨ ਵਾਲੇ ਅਜੇ ਫ਼ਰਾਰ ਹਨ। ਬੈਰਕਪੁਰ ਪੁਲੀਸ ਕਮਿਸ਼ਨਰੇਟ ਦੇ ਕਮਿਸ਼ਨਰ ਅਲੋਕ ਰਾਜੋਰੀਆਨੇ ਕਿਹਾ ਕਿ ਸੌ ’ਤੇ ਪਹਿਲਾਂ 2023 ਵਿੱਚ ਵੀ ਹਮਲਾ ਹੋਇਆ ਸੀ। ਉਨ੍ਹਾਂ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਇਲਾਕੇ ਵਿੱਚ ਲੱਗੇ ਸੀਸੀਟੀਵੀ ਮਸ਼ੀਨਾਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਹਰੋਆ ਅਧੀਨ ਪੈਂਦੇ ਸਦਰਪੁਰ ਖੇਤਰ ਦੇ ਬੂਥ ਨੰਬਰ 200 ਤੋਂ ਵੀ ਤਣਾਅ ਦੀ ਸੂਚਨਾ ਮਿਲੀ ਹੈ। ਇਸ ਦੌਰਾਨ ਦਰੀ ਹਥਿਆਰਬੰਦ ਪੁਲਿਸ ਬਲ ਦੇ ਜਵਾਨਾਂ ਦੀ ਟੀਮ (ਕਿਊਆਰਟੀ) ਨੇ ਸਥਾਨਕ ਪੁਲੀਸ ਦੇ ਨਾਲ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ।
ਸਵੇਰੇ 9 ਵਜੇ ਤੱਕ ਜਿਨ੍ਹਾਂ ਛੇ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਹੋ ਰਹੀਆਂ ਹਨ, ਉੱਥੇ ਔਸਤ ਪੋਲਿੰਗ ਪ੍ਰਤੀਸ਼ਤਤਾ 14.65 ਫੀਸਦੀ ਦਰਜ ਕੀਤੀ ਗਈ ਹੈ। ਪੱਛਮੀ ਬੰਗਾਲ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਦੇ ਦਫਤਰ ਦੁਆਰਾ ਪ੍ਰਦਾਨ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਉਸ ਸਮੇਂ ਦੌਰਾਨ ਸਭ ਤੋਂ ਵੱਧ ਪੋਲਿੰਗ ਪ੍ਰਤੀਸ਼ਤਤਾ ਤਲਡਾਂਗਰਾ ਵਿੱਚ 18 ਪ੍ਰਤੀਸ਼ਤ, ਮਦਾਰੀਹਾਟ 15 ਪ੍ਰਤੀਸ਼ਤ, ਹਰੋਆ 14.80 ਪ੍ਰਤੀਸ਼ਤ, ਨੇਹਾਟੀ 14.51 ਪ੍ਰਤੀਸ਼ਤ, ਮੇਦਿਨੀਪੁਰ 14.36 ਪ੍ਰਤੀਸ਼ਤ ਅਤੇ ਸੀਤਾਈ ਵਿੱਚ 12 ਪ੍ਰਤੀਸ਼ਤ ਦਰਜ ਕੀਤੀ ਗਈ ਹੈ। ਆਈਏਐੱਨਐੱਸ