ਕੋਲਕਾਤਾ, 21 ਅਪਰੈਲ
ਪੱਛਮੀ ਬੰਗਾਲ ਵਿਧਾਨ ਸਭਾ ਲਈ ਚੋਣਾਂ ਦੇ ਛੇਵੇਂ ਗੇੜ ’ਚ 22 ਅਪਰੈਲ ਨੂੰ 43 ਵਿਧਾਨ ਸਭਾ ਹਲਕਿਆਂ ਲਈ ਵੋਟਾਂ ਪੈਣਗੀਆਂ ਅਤੇ ਇੱਕ ਕਰੋੜ ਤੋਂ ਵੱਧ ਵੋਟਰ 306 ਉਮੀਦਵਾਰਾਂ ਲਈ ਆਪਣੇ ਹੱਕ ਦੀ ਵਰਤੋਂ ਕਰਨਗੇ। ਕਰੋਨਾਵਾਇਰਸ ਦੀ ਦੂਜੀ ਲਹਿਰ ਵਿਚਾਲੇ ਚੋਣ ਕਮਿਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਪਿਛਲੇ ਗੇੜਾਂ ’ਚ ਹੋਈਆਂ ਹਿੰਸਕ ਘਟਨਾਵਾਂ ਨੂੰ ਧਿਆਨ ’ਚ ਰੱਖਦਿਆਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਚੌਥੇ ਗੇੜ ਦੀਆਂ ਵੋਟਾਂ ’ਚ 10 ਅਪਰੈਲ ਨੂੰ ਕੂਚ ਬਿਹਾਰ ’ਚ ਪੰਜ ਮੌਤਾਂ ਹੋ ਗਈਆਂ ਸੀ। ਉਨ੍ਹਾਂ ਕਿਹਾ ਕਿ ਕਮਿਸ਼ਨ ਨੇ ਆਜ਼ਾਦ ਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਛੇਵੇ ਗੇੜ ’ਚ ਕੇਂਦਰੀ ਬਲਾਂ ਦੀਆਂ ਘੱਟ ਤੋਂ ਘੱਟ 1071 ਕੰਪਨੀਆਂ ਤੈਨਾਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸੇ ਦੌਰਾਨ ਚੋਣ ਕਮਿਸ਼ਨ ਨੇ ਟੀਐੱਮਸੀ ਦੀ ਅਪੀਲ ਮਗਰੋਂ ਕਿਹਾ ਕਿ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਦੇ ਰਹਿੰਦੇ ਤਿੰਨ ਗੇੜਾਂ ਦੀਆਂ ਵੋਟਾਂ ਇਕੱਠੀਆਂ ਕਰਵਾਉਣੀਆਂ ਸੰਭਵ ਨਹੀਂ ਹਨ। -ਏਜੰਸੀ