ਕੋਲਕਾਤਾ, 9 ਅਕਤੂਬਰ
ਪੱਛਮੀ ਬੰਗਾਲ ਸਰਕਾਰ ਨੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ’ਚ ਵਾਪਰੀ ਘਟਨਾ ਦੇ ਮਾਮਲੇ ’ਚ ਸੰਘਰਸ਼ ਕਰ ਰਹੇ ਜੂਨੀਅਰ ਡਾਕਟਰਾਂ ਨੂੰ ਮਸਲੇ ਦੇ ਹੱਲ ਲਈ ਅੱਜ ਮੀਟਿੰਗ ਦਾ ਸੱਦਾ ਦਿੱਤਾ ਹੈ। ਇਹ ਮੀਟਿੰਗ ਸਾਲਟ ਲੇਕ ’ਚ ਸਰਕਾਰੀ ਸਿਹਤ ਵਿਭਾਗ ਦੇ ਹੈਡਕੁਆਰਟਰ ‘ਸਵਾਸਥ ਭਵਨ’ ਵਿੱਚ ਰੱਖੀ ਗਈ ਹੈ। ਮੁੱਖ ਸਕੱਤਰ ਮਨੋਜ ਪੰਤ ਨੇ ਡਾਕਟਰਾਂ ਨੂੰ ਭੇਜੀ ਈਮੇਲ ’ਚ ਕਿਹਾ, ‘ਤੁਸੀਂ 8-10 ਮੈਂਬਰਾਂ ਦਾ ਵਫ਼ਦ ਲਿਆ ਸਕਦੇ ਹੋ।’ ਦੂਜੇ ਪਾਸੇ ਜੂਨੀਅਰ ਡਾਕਟਰਾਂ ਦੀ ਫੋਰਮ ਦੇ ਮੈਂਬਰ ਦੇਬਾਸ਼ੀਸ਼ ਹਲਦਰ ਨੇ ਕਿਹਾ ਕਿ ਉਹ ਮੀਟਿੰਗ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਹਾਲਾਂਕਿ ਉਹ ਸਿਹਤ ਸਕੱਤਰ ਨੂੰ ਹਟਾਉਣ ਸਮੇਤ ਆਪਣੀਆਂ 10 ਮੰਗਾਂ ’ਤੇ ਕਾਇਮ ਹਨ। ਦੂਜੇ ਪਾਸੇ ਜੂਨੀਅਰ ਡਾਕਟਰਾਂ ਦੀ ਭੁੱਖ ਹੜਤਾਲ ਅੱਜ ਪੰਜਵੇਂ ਦਿਨ ਵੀ ਜਾਰੀ ਰਹੀ। -ਪੀਟੀਆਈ