ਮੁੱਖ ਅੰਸ਼
- ਜੰਗਲਮਹਿਲ ਇਲਾਕੇ ’ਚ ਸੂਬਾ ਸਰਕਾਰ ਬਣਾਏਗੀ 72 ਹਜ਼ਾਰ ਕਰੋੜ ਰੁਪਏ ਦਾ ਸਨਅਤੀ ਜ਼ੋਨ
- ਅਡਾਨੀ ਵੱਲੋਂ ਸੂਬੇ ’ਚ 10 ਹਜ਼ਾਰ ਕਰੋੜ ਦੇ ਨਿਵੇਸ਼ ਦਾ ਐਲਾਨ
ਕੋਲਕਾਤਾ, 20 ਅਪਰੈਲ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਸੂਬਾ ਕਿਸੇ ਵੇਲੇ ਦੇਸ਼ ਵਿਚ ਹੜਤਾਲਾਂ ਦੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਸੀ ਪਰ ਹੁਣ ਕੰਮ ਦਾ ਇਕ ਵੀ ਘੰਟਾ ਖਰਾਬ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਖੱਬੇ ਮੋਰਚੇ ਦੀ ਸਰਕਾਰ ਦੌਰਾਨ ਸਨਅਤੀ ਗਤੀਵਿਧੀਆਂ ਦੇ ਸਾਲਾਨਾ 75 ਲੱਖ ਘੰਟੇ ਖਰਾਬ ਹੋ ਜਾਂਦੇ ਸਨ ਪਰ ਹੁਣ ਯਤਨ ਕਰ ਕੇ ਇਨ੍ਹਾਂ ਨੂੰ ਸਿਫ਼ਰ ਕੀਤਾ ਗਿਆ ਹੈ। ਬੰਗਾਲ ਵਿਚ ਆਲਮੀ ਪੱਧਰ ਦੇ ਕਾਰੋਬਾਰੀਆਂ ਦੇ ਸਿਖ਼ਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਖ਼ੁਲਾਸਾ ਕੀਤਾ ਕਿ ਪੱਛਮੀ ਬੰਗਾਲ ਸਰਕਾਰ ਸੰਘਣੇ ਜੰਗਲਾਂ ’ਚ ਘਿਰੇ ਤੇ ਪੱਛੜੇ ਹੋਏ ਜੰਗਲਮਹਿਲ ਇਲਾਕੇ ’ਚ 72,000 ਕਰੋੜ ਦੇ ਸਨਅਤੀ ਜ਼ੋਨ ਦੀ ਯੋਜਨਾ ਬਣਾ ਰਹੀ ਹੈ। ਇਹ ਜ਼ੋਨ ਕੇਂਦਰ ਸਰਕਾਰ ਦੇ ਪੂਰਬੀ ਢੋਆ-ਢੁਆਈ ਵਾਲੇ ਕੌਰੀਡੋਰ ਦੇ ਨਾਲ-ਨਾਲ ਬਣਾਇਆ ਜਾਵੇਗਾ। ਇਸ ਤਰ੍ਹਾਂ ਉੱਤਰ ਭਾਰਤ, ਪੱਛਮੀ ਬੰਗਾਲ ਦੀਆਂ ਬੰਦਰਗਾਹਾਂ ਨਾਲ ਜੁੜੇਗਾ। ‘ਅਡਾਨੀ’ ਗਰੁੱਪ ਦੇ ਮੁਖੀ ਤੇ ਸਭ ਤੋਂ ਅਮੀਰ ਭਾਰਤੀ ਗੌਤਮ ਅਡਾਨੀ ਨੇ ਇਸ ਮੌਕੇ ਕਿਹਾ ਕਿ ਉਹ ਅਗਲੇ ਦਹਾਕੇ ਦੌਰਾਨ ਪੱਛਮੀ ਬੰਗਾਲ ਵਿਚ 10 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰਨਗੇ। ਮਮਤਾ ਨੇ ਕਿਹਾ, ‘ਅਸੀਂ ਜੰਗਲਮਹਿਲ ਸ਼ੁੰਡੋਰੀ ਕੋਰਮੋਨਗਰੀ ਪ੍ਰਾਜੈਕਟ ਲਈ ਪੁਰੁਲੀਆ ਵਿਚ 2483 ਏਕੜ ਜ਼ਮੀਨ ਅਲਾਟ ਕੀਤੀ ਹੈ। ਇਹ ਪੂਰਬੀ ਰੇਲ ਲਾਂਘੇ ਦੇ ਨਾਲ-ਨਾਲ ਹੈ ਜੋ ਕਿ ਅੰਮ੍ਰਿਤਸਰ ਨੂੰ ਦੰਕੁਨੀ ਨਾਲ ਜੋੜਦਾ ਹੈ।’ ਮਮਤਾ ਨੇ ਕਿਹਾ ਕਿ ਕਾਰੋਬਾਰ ਕਰਨਾ ਸੁਖਾਲਾ ਕਰਨ ਲਈ ਸਰਕਾਰ ਕਈ ਕਦਮ ਚੁੱਕ ਰਹੀ ਹੈ। -ਪੀਟੀਆਈ
ਜਾਂਚ ਏਜੰਸੀਆਂ ਦੇ ਜ਼ਿਕਰ ਨਾਲ ਮਮਤਾ ਵੱਲੋਂ ਕੇਂਦਰ ’ਤੇ ਵਿਅੰਗ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਮੌਕੇ ਕੇਂਦਰ ਸਰਕਾਰ ’ਤੇ ਵਿਅੰਗ ਵੀ ਕਸਿਆ ਤੇ ਨਾਲ ਹੀ ਸੂਬੇ ਦੇ ਰਾਜਪਾਲ ਜਗਦੀਪ ਧਨਖੜ ਨੂੰ ਬੇਨਤੀ ਕੀਤੀ ਕਿ ਉਹ ਕੇਂਦਰ ਨਾਲ ਗੱਲ ਕਰਕੇ ਇਹ ਯਕੀਨੀ ਬਣਾਉਣ ਕਿ ਉਦਯੋਗਪਤੀਆਂ ਨੂੰ ‘ਕੁਝ ਏਜੰਸੀਆਂ ਵੱਲੋਂ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ।’ ਮੁੱਖ ਮੰਤਰੀ ਨੇ ਹਾਲਾਂਕਿ ਕਿਸੇ ਵੀ ਕੇਂਦਰੀ ਏਜੰਸੀ ਦਾ ਸਿੱਧੇ ਤੌਰ ’ਤੇ ਨਾਂ ਨਹੀਂ ਲਿਆ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਕਈ ਚੋਟੀ ਦੀਆਂ ਫਰਮਾਂ ’ਤੇ ਆਮਦਨ ਕਰ ਵਿਭਾਗ ਤੇ ਈਡੀ ਨੇ ਛਾਪੇ ਮਾਰੇ ਸਨ। ਮਮਤਾ ਵੱਲੋਂ ਕੀਤੀ ਇਸ ਅਪੀਲ ਦਾ ਵੱਡੀ ਗਿਣਤੀ ਕਾਰੋਬਾਰੀਆਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਮਮਤਾ ਨੇ ਕਿਹਾ ਕਿ ਉਦਯੋਗਪਤੀ ਸਿੱਧੇ ਤੌਰ ਉਤੇ ਨਹੀਂ ਬੋਲ ਸਕਦੇ, ਪਰ ਸਾਨੂੰ ਕੇਂਦਰ ਸਰਕਾਰ ਤੋਂ ਹਰ ਤਰ੍ਹਾਂ ਦੀ ਮਦਦ ਚਾਹੀਦੀ ਹੈ। ਇਸ ਲਈ ਰਾਜਪਾਲ ਇਸ ਬਾਰੇ ਕੇਂਦਰ ਨਾਲ ਗੱਲ ਕਰਨ। ਰਾਜਪਾਲ ਨੇ ਹਾਲਾਂਕਿ ਸੰਮੇਲਨ ਦੇ ਸ਼ੁਰੂ ਵਿਚ ਮਮਤਾ ਦੀ ਅਗਵਾਈ ਨੂੰ ‘ਪਰਿਪੱਕ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਬੰਗਾਲ ‘ਮੌਕਿਆਂ ਦੀ ਧਰਤੀ ਹੈ।’