ਕੋਲਕਾਤਾ, 26 ਜੂਨ
ਕੇਂਦਰੀ ਗ੍ਰਹਿ ਮੰਤਰਾਲੇ ਨੇ ਪੱਛਮੀ ਬੰਗਾਲ ਰਾਜ ਚੋਣ ਕਮਿਸ਼ਨ ਨੂੰ ਅੱਜ ਇਕ ਪੱਤਰ ਲਿਖ ਕੇ ਪੰਚਾਇਤੀ ਚੋਣਾਂ ਦੌਰਾਨ ਕੇਂਦਰੀ ਬਲਾਂ ਦੀਆਂ ਵਧੀਕ 485 ਕੰਪਨੀਆਂ ਦੀ ਤਾਇਨਾਤੀ ਦੀ ਲੋੜ ਬਾਰੇ ਤਫ਼ਸੀਲ ਮੰਗੀ ਹੈ। ਅਧਿਕਾਰੀ ਨੇ ਕਿਹਾ ਕਿ ਕਮਿਸ਼ਨ ਨੇ ਗ੍ਰਹਿ ਮੰਤਰਾਲੇ ਤੋੋਂ ਕੇਂਦਰੀ ਬਲਾਂ ਦੀ ਮੰਗ ਕੀਤੀ ਸੀ। ਅਧਿਕਾਰੀ ਮੁਤਾਬਕ ਮੰਤਰਾਲੇ ਨੇ ਪੱਤਰ ਵਿੱਚ ਮਮਤਾ ਸਰਕਾਰ ਤੋਂ ਸੂਬੇ ਵਿੱਚ ਤਾਇਨਾਤ ਕੇਂਦਰੀ ਬਲਾਂ ਦੀਆਂ 337 ਕੰਪਨੀਆਂ, ਜੋ ਅਗਾਮੀ ਪੰਚਾਇਤ ਚੋਣਾਂ ਲਈ ਹੁਣ ਤੱਕ ਭੇਜੀਆਂ ਗਈਆਂ ਹਨ, ਬਾਰੇ ਵੇਰਵੇ ਮੰਗੇ ਹਨ। ਪੱਛਮੀ ਬੰਗਾਲ ਵਿੱਚ ਪੰਚਾਇਤ ਚੋਣਾਂ 8 ਜੁਲਾਈ ਨੂੰ ਹੋਣੀਆਂ ਹਨ। ਸੂਬਾਈ ਚੋਣ ਕਮਿਸ਼ਨਰ ਰਾਜੀਵ ਸਿਨਹਾ ਹੁਣ ਤੱਕ ਤਿੰਨ ਵਾਰ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਚੁੱਕੇ ਹਨ। ਰਾਜ ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ ਲਈ ਕੇਂਦਰੀ ਬਲਾਂ ਦੀਆਂ ਕੁੱਲ 822 ਕੰਪਨੀਆਂ ਭੇਜਣ ਲਈ ਕਿਹਾ ਸੀ। ਅਧਿਕਾਰੀ ਨੇ ਕਿਹਾ, ”ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਜ ਚੋਣ ਕਮਿਸ਼ਨ ਨੂੰ ਭੇਜੇ ਪੱਤਰ ਵਿੱਚ ਕੇਂਦਰੀ ਬਲਾਂ ਦੀਆਂ ਵਾਧੂ 485 ਕੰਪਨੀਆਂ ਮੰਗੇ ਜਾਣ ਪਿਛਲੇ ਕਾਰਨਾਂ ਬਾਰੇ ਪੁੱਛਿਆ ਹੈ। ਪੱਤਰ ਵਿਚ ਹੁਣ ਤੱਕ ਭੇਜੇ ਕੇਂਦਰੀ ਬਲਾਂ ਦੀ ਤਾਇਨਾਤੀ ਨੂੰ ਲੈ ਕੇ ਪੁੱਛ-ਪੜਤਾਲ ਵੀ ਕੀਤੀ ਗਈ ਹੈ। ਚੋਣ ਕਮਿਸ਼ਨ ਨੂੰ ਇਨ੍ਹਾਂ ਕੇਂਦਰੀ ਬਲਾਂ ਦੀ ਤਾਇਨਾਤੀ ਵਾਲੇ ਜ਼ਿਲ੍ਹਿਆਂ ਦੀ ਤਫਸੀਲ ਸਾਂਝੀ ਕਰਨ ਲਈ ਕਿਹਾ ਗਿਆ ਹੈ।” ਇਸ ਦੌਰਾਨ ਕੇਂਦਰੀ ਬਲ ਪੱਛਮੀ ਬੰਗਾਲ ਦੇ ਸੰਵੇਦਨਸ਼ੀਲ ਇਲਾਕਿਆਂ ਵਿਚ ਪਹਿਲਾਂ ਹੀ ਪੁੱਜ ਗਏ ਹਨ ਤੇ ਉਨ੍ਹਾਂ ਉਥੇ ‘ਭਰੋੋਸਾ ਬਹਾਲੀ’ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਹਨ। -ਪੀਟੀਆਈ