ਜਲਪਾਈਗੁੜੀ, 25 ਅਪਰੈਲ
ਇਸ ਜ਼ਿਲ੍ਹੇ ਵਿੱਚ ਇੱਕ 14 ਸਾਲਾ ਲੜਕੀ ਨੇ ਖੁਦਕੁਸ਼ੀ ਕਰ ਲਈ। ਇਸ ਲੜਕੀ ਨੇ ਆਪਣੇ ਨਾਲ ਜਬਰ-ਜਨਾਹ ਦੀ ਕੋਸ਼ਿਸ਼ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ ਪਰ ਮੁਲਜ਼ਮ ਨੇ ਉਸ ਨੂੰ ਸ਼ਿਕਾਇਤ ਵਾਪਸ ਨਾ ਲੈਣ ’ਤੇ ਜਬਰ-ਜਨਾਹ ਕਰਨ ਤੇ ਪਰਿਵਾਰ ਦੀ ਹੱਤਿਆ ਕਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਲੜਕੀ ਨੇ ਅੱਗ ਲਗਾ ਲਈ ਸੀ। ਪੀੜਤ ਪਰਿਵਾਰ ਨੇ ਘਟਨਾ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਮਾਇਨਾਗੁਰੀ ਥਾਣਾ ਖੇਤਰ ’ਚ ਇਕ ਵਿਅਕਤੀ ਨੇ ਲੜਕੀ ਨਾਲ ਕਥਿਤ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਉਹ ਆਪਣੇ ਘਰ ਵਿਚ ਇਕੱਲੀ ਸੀ। ਲੜਕੀ ਦੇ ਰੌਲਾ ਪਾਉਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ। ਉਸ ਦੇ ਪਰਿਵਾਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਤੇ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਪਰ ਬਾਅਦ ਵਿਚ ਉਸ ਨੂੰ ਜ਼ਮਾਨਤ ਮਿਲ ਗਈ। ਇਸ ਤੋਂ ਬਾਅਦ ਦੋ ਵਿਅਕਤੀ ਲੜਕੀ ਕੋਲ ਆਏ ਤੇ ਧਮਕੀ ਦਿੱਤੀ ਕਿ ਉਹ ਸ਼ਿਕਾਇਤ ਵਾਪਸ ਲੈ ਲਵੇ ਨਹੀਂ ਤਾਂ ਉਸ ਨਾਲ ਜਬਰ-ਜਨਾਹ ਕੀਤਾ ਜਾਵੇਗਾ ਅਤੇ ਉਸ ਦੇ ਪਰਿਵਾਰ ਦੀ ਹੱਤਿਆ ਕਰ ਦਿੱਤੀ ਜਾਵੇਗੀ। ਇਸ ਤੋਂ ਬਾਅਦ ਸਹਿਮੀ ਹੋਈ ਲੜਕੀ ਨੇ ਅਗਲੇ ਦਿਨ ਆਪਣੇ ਆਪ ਨੂੰ ਅੱਗ ਲਗਾ ਲਈ ਪਰ ਉਸ ਨੂੰ ਬਚਾ ਲਿਆ ਗਿਆ ਅਤੇ ਜਲਪਾਈਗੁੜੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਬਾਅਦ ਵਿੱਚ ਉੱਤਰੀ ਬੰਗਾਲ ਮੈਡੀਕਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਜਿਥੇ ਉਸ ਦੀ ਅੱਜ ਮੌਤ ਹੋ ਗਈ।