ਮਿਦਨਾਪੁਰ, 7 ਦਸੰਬਰ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਭਾਜਪਾ ’ਤੇ ‘ਨਿੱਜੀ ਮੁਫ਼ਾਦਾਂ ਲਈ ਵੰਡਪਾਊ ਰਾਜਨੀਤੀ’ ਕਰਨ ਦਾ ਕਥਿਤ ਦੋਸ਼ ਲਾਉਂਦਿਆਂ ਕਿਹਾ ਕਿ ਬੰਗਾਲ, ਜਿੱਥੇ ਸਾਰੇ ਭਾਈਚਾਰਿਆਂ ਦੇ ਲੋਕ ਏਕਤਾ ਨਾਲ ਰਹਿ ਰਹੇ ਹਨ, ‘ਮਹਾਤਮਾ ਗਾਂਧੀ ਦੇ ਕਾਤਲਾਂ ਅੱਗੇ ਆਪਣਾ ਸਿਰ ਕਦੇ ਨਹੀਂ ਝੁਕਾਏਗਾ।’ ਮਮਤਾ ਬੈਨਰਜੀ ਨੇ ਪੱਛਮੀ ਮਿਦਨਾਪੁਰ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਪ੍ਰਤੀ ਭਾਜਪਾ ਸਰਕਾਰ ਦੇ ‘ਹੰਕਾਰ ਅਤੇ ਉਦਾਸੀਨਤਾ’ ਵਾਲੇ ਰਵੱਈਏ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਤੁਰੰਤ ‘ਲੋਕ ਵਿਰੋਧੀ’ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ ਜਾਂ ਉਹ ਸੱਤਾ ਤੋਂ ਲਾਂਭੇ ਹੋ ਜਾਵੇ। ਤ੍ਰਿਣਮੂਲ ਕਾਂਗਰਸ ਦੀ ਮੁਖੀ ਨੇ ਕਿਹਾ, ‘ਉਹ ਭਾਜਪਾ ਦੇ ਮਾੜੇ ਸ਼ਾਸਨ ਖ਼ਿਲਾਫ਼ ਬੋਲਣ ਜਾਂ ਚੁੱਪ ਰਹਿਣ ਦੀ ਥਾਂ ਜੇਲ੍ਹ ’ਚ ਰਹਿਣਾ ਪਸੰਦ ਕਰੇਗੀ।’ ਉਨ੍ਹਾਂ ਕਿਹਾ, ‘ਅਸੀਂ ਬੰਗਾਲੀ ਜਾਂ ਗ਼ੈਰ-ਬੰਗਾਲੀ ਦੀ ਰਾਜਨੀਤੀ ’ਚ ਯਕੀਨ ਨਹੀਂ ਕਰਦੇ। ਦੋਵੇਂ ਸਾਡੇ ਭੈਣਾਂ-ਭਰਾ ਹਨ। ਅਸੀਂ ਹਿੰਦੂ-ਮੁਸਲਿਮ ਦੀ ਰਾਜਨੀਤੀ ’ਚ ਵੀ ਯਕੀਨ ਨਹੀਂ ਕਰਦੇ, ਜਿਵੇਂ ਭਾਜਪਾ ਕਰਦੀ ਹੈ।’ ਭਾਜਪਾ ਨੂੰ ਸੂਬੇ ਤੋਂ ਬਾਹਰਲੀ ਪਾਰਟੀ ਗਰਦਾਨਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਉਹ ‘ਭਗਵੇਂ ਕੈਂਪ’ ਨੂੰ ਸੂਬੇ ਦੀ ਸੱਤਾ ਹਥਿਆਉਣ ਨਹੀਂ ਦੇਣਗੇ। ਉਨ੍ਹਾਂ ਨੇ ਸੂਬਾ ਵਾਸੀਆਂ ਨੂੰ ਅਜਿਹੀ ਕਿਸੇ ਵੀ ਕੋਸ਼ਿਸ਼ ਦਾ ਵਿਰੋਧ ਕਰਨ ਦੀ ਅਪੀਲ ਕੀਤੀ। -ਪੀਟੀਆਈ