ਪੁਰੀ (ਉੜੀਸਾ), 12 ਜੁਲਾਈ
ਉੜੀਸਾ ਦੇ ਪੁਰੀ ’ਚ ਅੱਜ ਧਾਰਮਿਕ ਜੋਸ਼ੋ-ਖਰੋਸ਼ ਨਾਲ ਭਗਵਾਨ ਜਗਨਨਾਥ, ਬਲਭਦਰ ਤੇ ਦੇਵੀ ਸੁਭਦਰਾ ਦੀ ਸਾਲਾਨਾ ਰਥ ਯਾਤਰਾ ਕੱਢੀ ਗਈ। ਇਸ ਦੌਰਾਨ ਕੋਵਿਡ-19 ਸਬੰਧੀ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਗਿਆ ਅਤੇ ਪੂਰੇ ਸ਼ਹਿਰ ’ਚ ਕਰਫਿਊ ਜਾਰੀ ਰਿਹਾ। 12ਵੀਂ ਸ਼ਤਾਬਦੀ ਦੇ ਮੰਦਿਰ ਦੇ ਇਤਿਹਾਸ ’ਚ ਲਗਾਤਾਰ ਦੂਜੇ ਸਾਲ ਅਤੇ ਦੂਜੀ ਵਾਰ ਅਜਿਹਾ ਹੋਇਆ ਹੈ ਜਦੋਂ ਰਥ ਯਾਤਰਾ ’ਚ ਆਮ ਲੋਕ ਸ਼ਾਮਿਲ ਨਹੀਂ ਹੋ ਸਕੇ। ਮੰਦਿਰ ਦੇ ਸਾਹਮਣੇ ਤਿੰਨ ਕਿਲੋਮੀਟਰ ਤੱਕ ਗਰੈਂਡ ਰੋਡ ਸੁੰਨੀ ਪਈ ਸੀ ਅਤੇ ਸਿਰਫ਼ ਕੁਝ ਚੋਣਵੇਂ ਪੁਜਾਰੀ ਤੇ ਪੁਲੀਸ ਮੁਲਾਜ਼ਮਾਂ ਨੂੰ ਹੀ ਹਾਜ਼ਰ ਰਹਿਣ ਦੀ ਇਜਾਜ਼ਤ ਸੀ।
ਪੁਰੀ ਦੇ ਜ਼ਿਲ੍ਹਾ ਅਧਿਕਾਰੀ ਸਮਰੱਥ ਵਰਮਾ ਨੇ ਦੱਸਿਆ ਕਿ ਸਿਰਫ਼ ਉਨ੍ਹਾਂ ਸੇਵਾਦਾਰਾਂ, ਪੁਲੀਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਯਾਤਰਾ ਸ਼ਾਮਲ ਹੋਣ ਦੀ ਇਜਾਜ਼ਤ ਸੀ ਜਿਨ੍ਹਾਂ ਦੀ ਕੋਵਿਡ-19 ਜਾਂਚ ਰਿਪੋਰਟ ਨੈਗੇਟਿਵ ਸੀ। ਉਨ੍ਹਾਂ ਕਿਹਾ ਕਿ ਸੜਕਾਂ ਜਾਂ ਘਰਾਂ ਦੀਆਂ ਛੱਤਾਂ ’ਤੇ ਇਕੱਠੇ ਹੋਣ ਦੀ ਮਨਾਹੀ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਧਿਆਨ ’ਚ ਰੱਖਦਿਆਂ ਕਰਫਿਊ ਲਾਇਆ ਗਿਆ ਹੈ। ਮੁੱਖ ਮੰਤਰੀ ਨਵੀਨ ਪਟਨਾਇਕ ਨੇ ਪੁਰੀ ਨਾ ਜਾ ਕੇ ਟੈਲੀਵਿਜ਼ਨ ’ਤੇ ਹੀ ਰਥ ਯਾਤਰਾ ਦੇਖੀ। ਸੂਬਾ ਸਰਕਾਰ ਨੇ ਦੇਸ਼ ਭਰ ਦੇ ਸ਼ਰਧਾਲੂਆਂ ਲਈ ਰਥ ਯਾਤਰਾ ਦੇ ਸਿੱਧੇ ਪ੍ਰਸਾਰਨ ਦਾ ਇੰਤਜ਼ਾਮ ਕੀਤਾ ਹੋਇਆ ਸੀ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਉੱਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੜੀਸਾ ਦੇ ਰਾਜਪਾਲ ਗਣੇਸ਼ੀ ਲਾਲ, ਮੁੱਖ ਮੰਤਰੀ ਨਵੀਨ ਪਟਨਾਇਕ ਤੇ ਹੋਰ ਆਗੂਆਂ ਨੇ ਲੋਕਾਂ ਨੂੰ ਭਗਵਾਨ ਜਗਨਨਾਥ ਯਾਤਰਾ ਦੀ ਵਧਾਈ ਦਿੱਤੀ ਹੈ।
ਅਹਿਮਦਾਬਾਦ: ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ’ਚ ਕੋਵਿਡ-19 ਪਾਬੰਦੀਆਂ ਵਿਚਾਲੇ ਅੱਜ ਭਗਵਾਨ ਜਗਨਨਾਥ ਦੀ 144ਵੀਂ ਰਥ ਯਾਤਰਾ 12 ਦੀ ਥਾਂ 4 ਘੰਟਿਆਂ ’ਚ ਪੂਰੀ ਹੋ ਗਈ। ਪਾਬੰਦੀਆਂ ਦੇ ਮੱਦੇਨਜ਼ਰ ਲੋਕਾਂ ਦੇ ਇਸ ’ਚ ਸ਼ਾਮਲ ਹੋਣ ਤੋਂ ਰੋਕਣ ਲਈ ਸਵੇਰ ਤੋਂ ਹੀ ਕਰਫਿਊ ਲਾਇਆ ਗਿਆ ਸੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਵਿਜੈ ਰੂਪਾਨੀ ਤੇ ਉੱਪ ਮੁੱਖ ਮੰਤਰੀ ਨਿਤਿਨ ਪਟੇਲ ਨੇ ਪੂਜਾ-ਪਾਠ ਮਗਰੋਂ ਰਥ ਯਾਤਰਾ ਸ਼ੁਰੂ ਕਰਵਾਈ।
ਕੋਲਕਾਤਾ: ਪੱਛਮੀ ਬੰਗਾਲ ’ਚ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਥ ਯਾਤਰਾ ਦਾ ਰਵਾਇਤੀ ਜੋਸ਼ੋ ਖਰੋਸ਼ ਦਿਖਾਈ ਨਹੀਂ ਦਿੱਤਾ ਕਿਉਂਕਿ ਹੁਗਲੀ ਜ਼ਿਲ੍ਹੇ ਦੇ ਮਸ਼ਹੂਰ ਮਹੇਸ਼ ਮੰਦਿਰ ਦੇ ਅਧਿਕਾਰੀਆਂ ਨੇ ਕਰੋਨਾਵਾਇਰਸ ਦੀ ਰੋਕਥਾਮ ਲਈ ਲਾਗੂ ਪਾਬੰਦੀਆਂ ਦੇ ਮੱਦੇਨਜ਼ਰ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਸਨ। ਇਸ ਦੇ ਨਾਲ ਹੀ ਕੋਲਕਾਤਾ ਤੇ ਮਾਇਆਪੁਰ ਦੇ ਇਸਕੌਨ ਮੰਦਿਰਾਂ ’ਚ ਇਹ ਸਮਾਰੋਹ ਸ਼ਾਂਤਮਈ ਢੰਗ ਨਾਲ ਮਨਾਇਆ ਗਿਆ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸਕੌਨ ਮੰਦਿਰਾਂ ਲਈ ਪ੍ਰਸ਼ਾਦ ਭੇਜਿਆ ਤੇ ਭਗਵਾਨ ਜਗਨਨਾਥ ਯਾਤਰਾ ਦੀ ਵਧਾਈ ਦਿੱਤੀ। -ਪੀਟੀਆਈ
ਝਾਰਖੰਡ ’ਚ ਇਸ ਸਾਲ ਰਥ ਯਾਤਰਾ ਨਹੀਂ: ਸੋਰੇਨ
ਰਾਂਚੀ: ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਇਸ ਸਾਲ ਸੂਬੇ ’ਚ ਭਗਵਾਨ ਜਗਨਨਾਥ ਦੀ ਰਥ ਯਾਤਰਾ ਨਹੀਂ ਕੱਢੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ’ਚ ਰਹਿ ਕੇ ਹੀ ਭਗਵਾਨ ਜਗਨਨਾਥ ਦੀ ਪੂਜਾ ਕਰਨ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦੇ ਵੱਧਦੇ ਖਤਰੇ ਨੂੰ ਦੇਖਦਿਆਂ ਲਗਾਤਾਰ ਦੂਜਾ ਵਰ੍ਹਾ ਹੈ ਜਦੋਂ ਰਥ ਯਾਤਰਾ ਨਹੀਂ ਕੱਢੀ ਜਾ ਰਹੀ। -ਪੀਟੀਆਈ