ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਮਾਰਚ
ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਅਤੇ ਪੰਜਾਬ ‘ਆਪ’ ਦੇ ਪ੍ਰਧਾਨ ਭਗਵੰਤ ਮਾਨ ਨੇ ਸੰਸਦ ’ਚ ਮਗਨਰੇਗਾ ਮਜ਼ਦੂਰਾਂ ਦਾ ਮੁੱਦਾ ਚੁੱਕਿਆ ਤੇ ਦਿਹਾੜੀ 600 ਰੁਪਏ ਕਰਨ ਦੀ ਮੰਗ ਕੀਤੀ। ਸੰਸਦ ’ਚ ਭਗਵੰਤ ਮਾਨ ਨੇ ਕਿਹਾ ਕਿ ਮਗਨਰੇਗਾ ਮਜ਼ਦੂਰਾਂ ਦੀ ਮੌਜੂਦਾ 241 ਰੁਪਏ ਦਿਹਾੜੀ ਬੇਹੱਦ ਘੱਟ ਹੈ ਅਤੇ ਇਹ 600 ਰੁਪਏ ਕੀਤੀ ਜਾਵੇ। ਉਨ੍ਹਾਂ ਕਿਹਾ ਪੂਰੇ ਦੇਸ਼ ’ਚ ਗ਼ਰੀਬ ਮਜ਼ਦੂਰਾਂ ਨੂੰ ਮਗਨਰੇਗਾ ਤਹਿਤ ਔਸਤਨ 20-25 ਦਿਨ ਦਾ ਰੁਜ਼ਗਾਰ ਹੀ ਮਿਲ ਰਿਹਾ ਹੈ। ਉਨ੍ਹਾਂ ਮਗਨਰੇਗਾ ਤਹਿਤ ਗ਼ਰੀਬ ਮਜ਼ਦੂਰਾਂ ਨਾਲ ਹੁੰਦੇ ਧੋਖੇ ਬਾਰੇ ਕਿਹਾ ਕਿ ਬਜ਼ੁਰਗ ਔਰਤਾਂ ਦਿਹਾੜੀ ਕਰਦੀਆਂ ਹਨ ਪਰ ਕੱਚੇ ਰਜਿਸਟਰਾਂ ’ਤੇ ਅੰਗੂਠੇ ਲਗਵਾ ਕੇ ਉਨ੍ਹਾਂ ਦੀ ਦਿਹਾੜੀ ਕਿਸੇ ਹੋਰ ਨੂੰ ਦੇ ਦਿੱਤੀ ਜਾਂਦੀ ਹੈ।