* ‘ਮੇਰੀ ਉਡਾਣ ਲਈ ਦੋ ਦਿਨ ਬਚੇ ਹਨ ਅਤੇ ਇਹ ਪ੍ਰਕਿਰਿਆ ਅਜੇ ਵੀ ਪੂਰੀ ਨਹੀਂ ਹੋਈ’
ਜਯੋਤੀ ਮਲਹੋਤਰਾ
ਚੰਡੀਗੜ੍ਹ, 1 ਅਗਸਤ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਮੀਦ ਕਰ ਰਹੇ ਹਨ ਕਿ ਉਹ ਭਾਰਤੀ ਹਾਕੀ ਟੀਮ ਦਾ ਹੌਸਲਾ ਵਧਾਉਣ ਲਈ ਇੱਕ-ਦੋ ਦਿਨ ਅੰਦਰ ਪੈਰਿਸ ਜਾ ਸਕਦੇ ਹਨ ਜੋ ਓਲੰਪਿਕਸ ’ਚ 4 ਅਗਸਤ ਨੂੰ ਕੁਆਰਟਰ ਫਾਈਨਲ ਮੈਚ ਖੇਡੇਗੀ। ਭਾਰਤੀ ਹਾਕੀ ਟੀਮ ’ਚ ਵੱਡੀ ਗਿਣਤੀ ਪੰਜਾਬੀ ਖਿਡਾਰੀਆਂ ਦੀ ਹੈ। ਮੁੱਖ ਮੰਤਰੀ ਫਿਲਹਾਲ ਵਿਦੇਸ਼ ਮੰਤਰਾਲੇ ਤੋਂ ਸਿਆਸੀ ਪ੍ਰਵਾਨਗੀ ਦੀ ਉਡੀਕ ਕਰ ਰਹੇ ਹਨ ਜੋ ਸਿਖਰਲੇ ਪੱਧਰ ਦੇ ਸਿਆਸੀ ਆਗੂਆਂ ਦੀ ਯਾਤਰਾ ਲਈ ਇੱਕ ਜ਼ਰੂਰੀ ਸ਼ਰਤ ਹੈ।
‘ਦਿ ਟ੍ਰਿਬਿਊਨ ਪ੍ਰਕਾਸ਼ਨ ਸਮੂਹ’ ਨਾਲ ਗੱਲਬਾਤ ਕਰਦਿਆਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ 3 ਅਗਸਤ ਦੀ ਰਾਤ ਪੈਰਿਸ ਲਈ ਉਡਾਣ ਫੜਨਾ ਚਾਹੁੰਦੇ ਹਨ ਤਾਂ ਜੋ ਉਹ ਭਾਰਤੀ ਹਾਕੀ ਟੀਮ ਦੇ ਮੈਚ ਲਈ ਸਮੇਂ ਸਿਰ ਪਹੁੰਚ ਸਕਣ। ਉਨ੍ਹਾਂ ਕਿਹਾ, ‘ਮੈਂ ਟੀਮ ਦਾ ਹੌਸਲਾ ਵਧਾਉਣਾ ਚਾਹੁੰਦਾ ਹਾਂ। 22 ’ਚੋਂ ਘੱਟੋ-ਘੱਟ 19 ਖਿਡਾਰੀ ਪੰਜਾਬ ਤੋਂ ਹਨ। ਮੈਨੂੰ ਆਪਣੇ ਮੁੰਡਿਆਂ ’ਤੇ ਮਾਣ ਹੈ ਅਤੇ ਮੈਨੂੰ ਪਤਾ ਹੈ ਕਿ ਮੇਰੀ ਹਾਜ਼ਰੀ ਇਸ ਗੱਲ ਦਾ ਸਬੂਤ ਹੋਵੇਗੀ।’ ਉਨ੍ਹਾਂ ਕਿਹਾ, ‘ਇਸ ਦਾ ਮਤਲਬ ਹੈ ਕਿ ਮੈਨੂੰ ਰਿਕਾਰਡ ਸਮੇਂ ਅੰਦਰ ਫਰੈਂਚ ਵੀਜ਼ਾ ਮਿਲ ਸਕਦਾ ਹੈ। ਪਰ ਮੇਰੇ ਅਧਿਕਾਰੀ ਕਈ ਘੰਟਿਆਂ ਤੋਂ ਸਿਆਸੀ ਮਨਜ਼ੂਰੀ ਲਈ ਦਿੱਲੀ ’ਚ ਵਿਦੇਸ਼ ਮੰਤਰਾਲੇ ’ਚ ਉਡੀਕ ਕਰ ਰਹੇ ਹਨ। ਮੇਰੀ ਉਡਾਣ ਲਈ ਦੋ ਦਿਨ ਬਚੇ ਹਨ ਅਤੇ ਇਹ ਪ੍ਰਕਿਰਿਆ ਅਜੇ ਵੀ ਪੂਰੀ ਨਹੀਂ ਹੋਈ ਹੈ।’ ਮੁੱਖ ਮੰਤਰੀ ਇਸ ਬਾਰੇ ਅਨੁਮਾਨ ਲਾਉਣ ਲਈ ਤਿਆਰ ਨਹੀਂ ਸਨ ਕਿ ਉਨ੍ਹਾਂ ਦੀ ਪੈਰਿਸ ਯਾਤਰਾ ਨੂੰ ਮਨਜ਼ੂਰੀ ਦੇਣ ’ਚ ਦਿੱਲੀ ਵਿੱਚ ਦੇਰੀ ਕਿਉਂ ਹੋਈ ਅਤੇ ਕੀ ਅਜਿਹਾ ਇਸ ਲਈ ਸੀ ਕਿਉਂਕਿ ਕੇਂਦਰ ’ਚ ਵਿਰੋਧੀ ਧਿਰ ਭਾਜਪਾ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਜੇ ਅਜਿਹਾ ਹੋਇਆ ਤਾਂ ਉਹ ਆਪਣੀ ਪਤਨੀ ਤੇ ਦੋ ਅਧਿਕਾਰੀਆਂ ਨੂੰ ਵੀ ਨਾਲ ਲਿਜਾਣ ਦੀ ਯੋਜਨਾ ਬਣਾ ਰਹੇ ਹਨ।