ਨਵੀਂ ਦਿੱਲੀ, 22 ਅਗਸਤ
ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਅੱਜ ਸਿਵਲ ਸੁਸਾਇਟੀ ਨੁਮਾਇੰਦਿਆਂ ਦੇ ਇੱਕ ਗਰੁੱਪ ਨਾਲ ਮੀਟਿੰਗ ਵਿੱਚ ਕਿਹਾ ਕਿ ਪਾਰਟੀ ਦੀ ਆਗਾਮੀ ‘ਭਾਰਤ ਜੋੜੋ ਯਾਤਰਾ ਉਨ੍ਹਾਂ ਲਈ ਇੱਕ ‘ਤਪੱਸਿਆ’ ਵਾਂਗ ਹੈ ਅਤੇ ਉਹ ਦੇਸ਼ ਨੂੰ ਇੱਕਜੁਟ ਕਰਨ ਲਈ ‘ਲੰਮੀ ਲੜਾਈ’ ਵਾਸਤੇ ਤਿਆਰ ਹਨ। ਕਾਂਗਰਸ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਉਹ 7 ਸਤੰਬਰ ਤੋਂ ‘ਭਾਰਤ ਜੋੜੋ ਯਾਤਰਾ’ ਸ਼ੁਰੂ ਕਰੇਗੀ। ਸੂਤਰਾਂ ਮੁਤਾਬਕ ਇੱਥੇ ਕੌਂਸਟੀਚਿਊਸ਼ਨ ਕਲੱਬ ਵਿੱਚ ‘ਭਾਰਤ ਜੋੜੋ ਯਾਤਰਾ ਸੰਮੇਲਨ’ ਦੌਰਾਨ ਸਿਵਲ ਸੁਸਾਇਟੀ ਮੈਂਬਰਾਂ ਨਾਲ ਮੁਲਾਕਾਤ ਦੌਰਾਨ ਰਾਹੁਲ ਨੇ ਕਿਹਾ ਕਿ ਯਾਤਰਾ ਉਨ੍ਹਾਂ ਲਈ ‘ਤਪੱਸਿਆ’ ਵਾਂਗ ਹੈ। ਰਾਹੁਲ ਗਾਂਧੀ ਨੇ ਕਿਹਾ, ‘‘ਮੈਨੂੰ ਪਤਾ ਹੈ ਕਿ ਭਾਰਤ ਨੂੰ ਜੋੜਨ ਦੀ ਲੜਾਈ ਲੰਮੀ ਹੈ ਅਤੇ ਮੈਂ ਇਸ ਲਈ ਤਿਆਰ ਹਾਂ।’’ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਨੇ ਮੀਟਿੰਗ ਵਿੱਚ ਕਿਹਾ, ‘‘ਭਾਰਤ ਦੀ ਰਾਜਨੀਤੀ ਦਾ ਧਰੁਵੀਕਰਨ ਹੋ ਗਿਆ ਹੈ। ਅਸੀਂ ਆਪਣੀ ਯਾਤਰਾ ਵਿੱਚ ਲੋਕਾਂ ਨੂੰ ਦੱਸਾਂਗੇ ਕਿਵੇਂ ਇੱਕ ਪਾਸੇ ਆਰਐੱਸਐੱਸ ਦੀ ਵਿਚਾਰਧਾਰਾ ਹੈ ਅਤੇ ਦੂਜੇ ਪਾਸੇ ਸਾਡੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਵਿਚਾਰਧਾਰਾ ਹੈ। ਅਸੀਂ ਇਸ ਵਿਸ਼ਵਾਸ ਨੂੰ ਲੈ ਕੇ ਯਾਤਰਾ ਸ਼ੁਰੂ ਕਰ ਰਹੇ ਹਾਂ ਕਿ ਭਾਰਤ ਦੇ ਲੋਕ ਤੋੜਨ ਦੀ ਨਹੀਂ ਬਲਕਿ ਜੋੜਨ ਦੀ ਰਾਜਨੀਤੀ ਚਾਹੁੰਦੇ ਹਨ।’’ ਮੀਟਿੰਗ ਵਿੱਚ ਸਮਾਜਿਕ ਅਤੇ ਗ਼ੈਰ ਸਰਕਾਰੀ ਸੰਗਠਨਾਂ ਦੇ ਲੱਗਪਗ 150 ਨੁਮਾਇੰਦੇ ਸ਼ਾਮਲ ਸਨ। -ਪੀਟੀਆਈ