ਸ੍ਰੀਨਗਰ, 21 ਮਈ
ਸ਼ਹਿਰ ਦਾ ਲਾਲ ਚੌਕ ਅੱਜ ਉਸ ਵੇਲੇ ‘ਅਸੀਂ ਇਨਸਾਫ਼ ਚਾਹੁੰਦੇ ਹਾਂ’ ਅਤੇ ‘ਪ੍ਰਸ਼ਾਸਨ ਹਾਏ ਹਾਏ’ ਦੇ ਨਾਅਰਿਆਂ ਨਾਲ ਗੂੰਜ ਉੱਠਿਆ, ਜਦੋਂ ਸੈਂਕੜੇ ਕਸ਼ਮੀਰੀ ਪੰਡਿਤਾਂ ਨੇ ਰਾਹੁਲ ਭੱਟ ਦੀ ਹੱਤਿਆ ਖ਼ਿਲਾਫ਼ ਰੋਸ ਮਾਰਚ ਕੱਢਿਆ। ਰਾਹੁਲ ਭੱਟ ਦੀ 12 ਮਈ ਨੂੰ ਬਡਗਾਮ ਜ਼ਿਲ੍ਹੇ ਦੇ ਚਦੂਰਾ ਸਥਿਤ ਉਸ ਦੇ ਦਫ਼ਤਰ ਵਿੱਚ ਅਤਿਵਾਦੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਕਸ਼ਮੀਰੀ ਪੰਡਿਤ ਭਾਈਚਾਰੇ ਨਾਲ ਸਬੰਧਤ ਲੋਕ ਲਾਲ ਮੰਡੀ ਇਲਾਕੇ ਨੇੜੇ ਇਕੱਠੇ ਹੋਏ ਅਤੇ ਉਨ੍ਹਾਂ ਜੇਹਲਮ ਦਰਿਆ ਵਿੱਚ ਭੱਟ ਨੂੰ ਸਮਰਪਿਤ ਪੂਜਾ ਕੀਤੀ। ਜਿਉਂ ਹੀ ਪੂਜਾ ਮੁਕੰਮਲ ਹੋਈ ਪ੍ਰਦਰਸ਼ਨਕਾਰੀਆਂ ਨੇ ਲਾਲ ਚੌਕ ਵੱਲ ਮਾਰਚ ਸ਼ੁਰੂ ਕਰ ਦਿੱਤਾ। ਲਾਲ ਚੌਕ ਵਿੱਚ ਪਹੁੰਚਣ ਮਗਰੋਂ ਪ੍ਰਦਰਸ਼ਨਕਾਰੀ ਘੰਟਾ ਘਰ ਨੇੜੇ ਧਰਨਾ ਲਾ ਕੇ ਬੈਠ ਗਏ। ਪ੍ਰਦਰਸ਼ਨਕਾਰੀਆਂ ਨੇ ਭੱਟ ਲਈ ਇਨਸਾਫ਼ ਦੀ ਮੰਗ ਕਰਦਿਆਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਇਹ ਵੀ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਪੈਕੇਜ ਤਹਿਤ ਨੌਕਰੀਆਂ ਪ੍ਰਾਪਤ ਕਰਨ ਵਾਲੇ ਕਸ਼ਮੀਰੀ ਪੰਡਿਤ ਕਰਮਚਾਰੀਆਂ ਨੂੰ ਤਬਦੀਲ ਕੀਤਾ ਜਾਵੇ। ਭੱਟ ਦੀ ਹੱਤਿਆ ਦੇ ਨਾਲ ਕਸ਼ਮੀਰੀ ਪੰਡਿਤ ਕਰਮਚਾਰੀਆਂ ਨੂੰ ਸੁਰੱਖਿਅਤ ਮਾਹੌਲ ਦੇਣ ਵਿੱਚ ਨਾਕਾਮ ਰਹਿਣ ’ਤੇ ਪ੍ਰਸ਼ਾਸਨ ਖ਼ਿਲਾਫ਼ ਵੱਖ ਵੱਖ ਥਾਈਂ ਪ੍ਰਦਰਸ਼ਨ ਕੀਤੇ ਗਏ। ਭੱਟ ਨੂੰ ਪਰਵਾਸੀਆਂ ਲਈ ਵਿਸ਼ੇਸ਼ ਕਰਮਚਾਰੀ ਪੈਕੇਜ ਤਹਿਤ 2010-11 ਵਿੱਚ ਕਲਰਕ ਦੀ ਨੌਕਰੀ ਮਿਲੀ ਸੀ। -ਪੀਟੀਆਈ
ਹਾਲਾਤ ਨਾਲ ਸੈਲਾਨੀਆਂ ਦਾ ਕੋਈ ਸਬੰਧ ਨਹੀਂ: ਆਜ਼ਾਦ
ਜੰਮੂ: ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ’ਚ ਸੈਲਾਨੀਆਂ ਦੀ ਆਮਦ ਵਧਣ ਦਾ ਕਾਰਨ ਦੇਸ਼ ਦੇ ਬਾਕੀ ਹਿੱਸਿਆਂ ’ਚ ਪੈ ਰਹੀ ਭਿਆਨਕ ਗਰਮੀ ਹੈ, ਨਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਹਾਲਾਤ ’ਚ ਕੋਈ ਸੁਧਾਰ ਹੋਣ ਕਾਰਨ। ਆਜ਼ਾਦ ਨੇ ਹੱਦਬੰਦੀ ਕਮਿਸ਼ਨ ਦੀ ਰਿਪੋਰਟ ’ਤੇ ਆਪਣਾ ਰੁਖ਼ ਦੁਹਰਾਉਂਦਿਆਂ ਕਿਹਾ, ‘ਰਿਪੋਰਟ ਜ਼ਮੀਨੀ ਸਚਾਈ ਤੋਂ ਉਲਟ ਹੈ।’ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਆਜ਼ਾਦ ਨੇ ਅਤਿਵਾਦ ਦੇ ਖਾਤਮੇ ਲਈ ਇਕਜੁੱਟਤਾ ਨਾਲ ਯਤਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨਾਲ ਹੀ ਸਰਕਾਰ ਨੂੰ ਕਿਹਾ ਕਿ ਉਹ ਸਮਾਜ ਦੇ ਅਸੁਰੱਖਿਅਤ ਵਰਗਾਂ ਦੀਆਂ ਅਸਲ ਮੰਗਾਂ ਸਵੀਕਾਰ ਕਰੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਕਿਹਾ, ‘ਸਰਕਾਰ ਨੂੰ (ਕਸ਼ਮੀਰ ’ਚ) ਸੈਲਾਨੀਆਂ ਦੀ ਆਮਦ ਤੋਂ ਖੁਸ਼ ਨਹੀਂ ਹੋਣਾ ਚਾਹੀਦਾ ਅਤੇ ਇਸ ਨੂੰ ਹਾਲਾਤ ’ਚ ਸੁਧਾਰ ਨਾਲ ਨਹੀਂ ਜੋੜਨਾ ਚਾਹੀਦਾ।’ ਇਸ ਦੌਰਾਨ ਉਨ੍ਹਾਂ ਰਾਹੁਲ ਭੱਟ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਹਮਦਰਦੀ ਜਤਾਈ। -ਪੀਟੀਆਈ