ਨਵੀਂ ਦਿੱਲੀ, 7 ਜੁਲਾਈ
ਕਿਸ ਨੂੰ ਕੀ ਮਿਲਿਆ
* ਅਮਿਤ ਸ਼ਾਹ ਗ੍ਰਹਿ ਮੰਤਰੀ/ਮਨਿਸਟਰੀ ਆਫ਼ ਕੋਆਪਰੇਸ਼ਨ ਦੀ ਜਿ਼ੰਮੇਵਾਰੀ
* ਹਰਦੀਪ ਸਿੰਘ ਪੁਰੀ ਸ਼ਹਿਰੀ ਵਿਕਾਸ ਤੇ ਪੈਟਰੋਲੀਅਮ
* ਅਸ਼ਵਨੀ ਵੈਸ਼ਨਵ ਰੇਲ ਮੰਤਰਾਲਾ/ਆਈਟੀ
* ਪਿਊਸ਼ ਗੋਇਲ ਕੱਪੜਾ/ਵਣਜ ਤੇ ਉਦਯੋਗ
* ਮਨਸੁਖ ਮਾਂਡਵੀਆ ਸਿਹਤ/ਕੈਮੀਕਲ ਫਰਟੀਲਾਈਜ਼ਰ
* ਕਿਰਨ ਰਿਜਿਜੂ ਕਾਨੂੰਨ
* ਸਿੰਧੀਆ ਸ਼ਹਿਰੀ ਹਵਾਬਾਜ਼ੀ
* ਸਰਬਾਨੰਦ ਸੋਨੋਵਾਲ ਆਯੂਸ਼ ਮੰਤਰੀ
* ਧਰਮੇਂਦਰ ਪ੍ਰਧਾਨ ਸਿੱਖਿਆ/ਹੁਨਰ ਵਿਕਾਸ
* ਅਨੁਰਾਗ ਠਾਕੁਰ ਨੌਜਵਾਨ ਮਾਮਲੇ/ਖੇਡ
* ਪਸ਼ੂਪਤੀ ਪਾਰਸ ਫੂਡ ਪ੍ਰੋਸੈਸਿੰਗ
* ਭੁਪੇਂਦਰ ਯਾਦਵ ਕਿਰਤ
* ਮੀਨਾਕਸ਼ੀ ਲੇਖੀ ਵਿਦੇਸ਼ ਰਾਜ ਮੰਤਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੀ ਕੇਂਦਰੀ ਵਜ਼ਾਰਤ ਵਿੱਚ ਵੱਡਾ ਫੇਰਬਦਲ ਕਰਦਿਆਂ ਜਿੱਥੇ ਸਰਬਾਨੰਦ ਸੋਨੋਵਾਲ, ਨਰਾਇਣ ਰਾਣੇ ਤੇ ਜਿਓਤਿਰਦਿੱਤਿਆ ਸਿੰਧੀਆ ਨੂੰ ਕੈਬਨਿਟ ਮੰਤਰੀ ਵਜੋਂ ਸ਼ਾਮਲ ਕਰ ਲਿਆ, ਉਥੇ ਸਿਹਤ ਮੰਤਰੀ ਹਰਸ਼ ਵਰਧਨ, ਸੂਚਨਾ ਤਕਨੀਕ ਤੇ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਸਮੇਤ 12 ਮੰਤਰੀਆਂ ਤੋਂ ਅਸਤੀਫ਼ੇ ਲੈ ਕੇ ਉਨ੍ਹਾਂ ਨੂੰ ਬਾਹਰ ਦਾ ਰਾਹ ਵਿਖਾ ਦਿੱਤਾ। ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਹੋਏ ਹਲਫ਼ਦਾਰੀ ਸਮਾਗਮ ’ਚ ਕੁੱਲ 43 ਮੰਤਰੀਆਂ ਨੇ ਹਲਫ਼ ਲਿਆ। ਇਨ੍ਹਾਂ ਵਿੱਚੋਂ 15 ਜਣਿਆਂ ਨੇ ਕੈਬਨਿਟ ਮੰਤਰੀ ਤੇ 28 ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਕੈਬਨਿਟ ਮੰਤਰੀਆਂ ਵਿੱਚ ਕੁਝ ਨਵੇਂ ਚਿਹਰੇ ਵੀ ਸ਼ਾਮਲ ਹਨ। 13 ਮੈਂਬਰਾਂ ਨੇ ਹਿੰਦੀ ਜਦੋਂਕਿ ਦੋ ਜਣਿਆਂ ਨੇ ਅੰਗਰੇਜ਼ੀ ’ਚ ਹਲਫ਼ ਲਿਆ। ਕੇਂਦਰੀ ਵਜ਼ਾਰਤ ਵਿੱਚ 36 ਨਵੇਂ ਤੇ 7 ਪੁਰਾਣੇ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ ਹੈ। ਅਨੁਰਾਗ ਠਾਕੁਰ, ਹਰਦੀਪ ਸਿੰਘ ਪੁਰੀ, ਕਿਰਨ ਰਿਜਿਜੂ ਸਮੇਤ ਕੁੱਲ ਸੱਤ ਜਣਿਆਂ ਨੂੰ ਤਰੱਕੀ ਦੇ ਕੇ ਕੈਬਨਿਟ ਮੰਤਰੀ ਬਣਾ ਦਿੱਤਾ ਗਿਆ ਹੈ। ਇਸ ਨਵੇਂ ਫੇਰਬਦਲ ਨਾਲ ਕੇਂਦਰੀ ਕੈਬਨਿਟ ’ਚ ਮੰਤਰੀਆਂ ਦੀ ਗਿਣਤੀ ਵਧ ਕੇ 78 ਹੋ ਗਈ ਹੈ ਜਦੋਂਕਿ ਲੋਕ ਸਭਾ ਮੈਂਬਰਾਂ ਦੀ ਕੁੱਲ ਸਮਰੱਥਾ ਦਾ 15 ਫੀਸਦ ਭਾਵ 81 ਮੈਂਬਰਾਂ ਨੂੰ ਕੈਬਨਿਟ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ ਕੇਂਦਰੀ ਕੈਬਨਿਟ ਤੇ ਮੰਤਰੀ ਮੰਡਲ ਦੀਆਂ ਭਲਕੇ ਵੀਰਵਾਰ ਸ਼ਾਮ ਨੂੰ ਉਪਰੋਥੱਲੀ ਮੀਟਿੰਗਾਂ ਹੋਣਗੀਆਂ, ਜਿਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਕਰਨਗੇ। ਹਲਫ਼ਦਾਰੀ ਸਮਾਗਮ ਦੌਰਾਨ ਰਾਜ ਸਭਾ ਮੈਂਬਰ ਨਰਾਇਣ ਰਾਣੇ (69) ਨੇ ਸਭ ਤੋਂ ਪਹਿਲਾਂ ਹਲਫ਼ ਲਿਆ। ਰਾਣੇ ਮਗਰੋਂ ਅਸਾਮ ਦੇ ਸਾਬਕਾ ਮੁੱਖ ਮੰਤਰੀ ਸੋਨੋਵਾਲ ਨੇ ਅੰਗਰੇਜ਼ੀ ’ਚ ਸਹੁੰ ਚੁੱਕੀ। ਸੋਨੋਵਾਲ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹਿਲੇ ਕਾਰਜਕਾਲ ਦੌਰਾਨ ਹੁਨਰ ਵਿਕਾਸ ਤੇ ਉੱਦਮਾਂ ਅਤੇ ਖੇਡਾਂ ਤੇ ਨੌਜਵਾਨ ਮਾਮਲੇ ਮੰਤਰਾਲਾ ’ਚ ਰਾਜ ਮੰਤਰੀ (ਆਜ਼ਾਦਾਨਾ ਚਾਰਜ) ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਤੇ ਰਾਜ ਸਭਾ ਮੈਂਬਰ ਜਿਓਤਿਰਦਿੱਤਿਆ ਸਿੰਧੀਆ ਨੇ ਵੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਮੱਧ ਪ੍ਰਦੇਸ਼ ਨਾਲ ਸਬੰਧਤ ਇਸ ਆਗੂ ਕੋਲ ਪਿਛਲੀ ਯੂਪੀਏ ਸਰਕਾਰ ਵਿੱਚ ਵਣਜ ਤੇ ਸੰਚਾਰ ਅਤੇ ਪਾਵਰ ਮੰਤਰਾਲੇ ’ਚ ਰਾਜ ਮੰਤਰੀ ਵਜੋਂ ਕੰਮ ਕਰਨ ਦਾ ਤਜਰਬਾ ਹੈ। ਕੈੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਹੋਰਨਾਂ ਵਿੱਚ ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਤੋਂ ਸੰਸਦ ਮੈਂਬਰ ਵੀਰੇਂਦਰ ਕੁਮਾਰ, ਉੜੀਸਾ ਤੋਂ ਰਾਜ ਸਭਾ ਮੈਂਬਰ ਅਸ਼ਵਨੀ ਵੈਸ਼ਨਵ, ਬਿਹਾਰ ਤੋਂ ਰਾਜ ਸਭਾ ਮੈਂਬਰ ਤੇ ਜੇਡੀਯੂ ਆਗੂ ਆਰ.ਸੀ.ਪੀ.ਸਿੰਘ, ਬਿਹਾਰ ਦੇ ਹਾਜੀਪੁਰ ਤੋਂ ਲੋਕ ਸਭਾ ਮੈਂਬਰ ਪਸ਼ੂਪਤੀ ਕੁਮਾਰ ਪਾਰਸ ਸ਼ਾਮਲ ਹਨ।
ਇਸੇ ਤਰ੍ਹਾਂ ਕਿਰਨ ਰਿਜਿਜੂ, ਆਰ.ਕੇ.ਸਿੰਘ, ਹਰਦੀਪ ਸਿੰਘ ਪੁਰੀ, ਮਨਸੁਖ ਮੰਡਾਵੀਆ, ਪਰਸ਼ੋਤਮ ਰੁਪਾਲਾ, ਜੀ.ਕਿਸ਼ਨ ਰੈੱਡੀ ਤੇ ਅਨੁਰਾਗ ਠਾਕੁਰ ਨੂੰ ਤਰੱਕੀ ਦਿੰਦਿਆਂ ਰਾਜ ਮੰਤਰੀ ਤੋਂ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਭਾਜਪਾ ਵਿੱਚ ਜਨਰਲ ਸਕੱਤਰ ਵਜੋਂ ਸੇਵਾਵਾਂ ਦੇਣ ਵਾਲੇ ਭੁਪੇਂਦਰ ਯਾਦਵ ਨੇ ਵੀ ਕੈਬਨਿਟ ਮੰਤਰੀ ਵਜੋਂ ਹਲਫ਼ ਲਿਆ। ਉਧਰ ਕੇਂਦਰੀ ਵਜ਼ਾਰਤ ’ਚ ਇਸ ਵੱਡੇ ਫੇਰਬਦਲ ਤੋਂ ਐਨ ਪਹਿਲਾਂ ਮੋਦੀ ਸਰਕਾਰ ’ਚ ਚਾਰ ਸੀਨੀਅਰ ਮੰਤਰੀਆਂ ਰਵੀ ਸ਼ੰਕਰ ਪ੍ਰਸਾਦ, ਪ੍ਰਕਾਸ਼ ਜਾਵੜੇਕਰ, ਹਰਸ਼ ਵਰਧਨ ਤੇ ਰਮੇਸ਼ ਨਿਸ਼ੰਕ ਪੋਖਰਿਆਲ ਸਮੇਤ 12 ਮੰਤਰੀਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ। ਜਿਨ੍ਹਾਂ ਹੋਰ ਮੰਤਰੀਆਂ ਨੇ ਅਸਤੀਫ਼ੇ ਦਿੱਤੇ ਉਨ੍ਹਾਂ ਵਿੱਚ ਕਿਰਤ ਮੰਤਰੀ ਸੰਤੋਸ਼ ਗੰਗਵਾਰ, ਸਿੱਖਿਆ ਰਾਜ ਮੰਤਰੀ ਸੰਜੈ ਧੋਤਰੇ, ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਦੇਬਾਸ੍ਰੀ ਚੌਧਰੀ, ਜਲ ਸ਼ਕਤੀ ਮੰਤਰਾਲੇ ’ਚ ਰਾਜ ਮੰਤਰੀ ਰਤਨ ਲਾਲ ਕਟਾਰੀਆ ਤੇ ਵਾਤਾਵਰਨ (ਰਾਜ) ਮੰਤਰੀ ਬਾਬੁਲ ਸੁਪ੍ਰਿਓ ਸ਼ਾਮਲ ਹਨ। ਚੇਤੇ ਰਹੇ ਕਿ ਪ੍ਰਸਾਦ ਤੇ ਜਾਵੜੇਕਰ ਕੈਬਨਿਟ ਫੈਸਲਿਆਂ ਬਾਰੇ ਜਾਣਕਾਰੀ ਦੇਣ ਲਈ ਸੱਦੀਆਂ ਜਾਂਦੀਆਂ ਪ੍ਰੈੱਸ ਕਾਨਫਰੰਸਾਂ ਦਾ ਚਿਹਰਾ ਮੋਹਰਾ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਈ 2019 ਵਿੱਚ ਮੁੜ ਦੇਸ਼ ਦੀ ਕਮਾਨ ਆਪਣੇ ਹੱਥਾਂ ’ਚ ਲੈਣ ਮਗਰੋਂ ਕੇਂਦਰੀ ਵਜ਼ਾਰਤ ’ਚ ਇਹ ਪਹਿਲਾ ਫੇਰਬਦਲ ਹੈ।
ਸ੍ਰੀ ਮੋਦੀ ਨੇ ਵਜ਼ਾਰਤੀ ਫੇਰਬਦਲ ਨਾਲ ਜਿੱਥੇ ਕਈ ਨਵੇਂ ਤੇ ਨੌਜਵਾਨ ਚਿਹਰਿਆਂ ਨੂੰ ਮੂਹਰੇ ਲਿਆਂਦਾ ਹੈ, ਉਥੇ ਵੱਖ ਵੱਖ ਸਮਾਜਿਕ ਸਮੂਹਾਂ ਤੇ ਖੇਤਰਾਂ ਨੂੰ ਯੋਗ ਅਗਵਾਈ ਦੇਣ ਦਾ ਯਤਨ ਕੀਤਾ ਹੈ। ਹਲਫ ਲੈਣ ਵਾਲੇ 43 ਮੰਤਰੀਆਂ ’ਚੋਂ ਸੱਤ ਯੂਪੀ ਨਾਲ ਸਬੰਧਤ ਹਨ ਤੇ ਇਨ੍ਹਾਂ ਨੂੰ ਅਗਲੇ ਸਾਲ ਹੋਣ ਵਾਲੀਆਂ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਚੁਣਿਆ ਗਿਆ ਹੈ। -ਪੀਟੀਆਈ
ਮੋਦੀ ਕੈਬਨਿਟ ’ਚ ਸੱਤ ਹੋਰ ਔਰਤਾਂ ਨੂੰ ਮਿਲੀ ਥਾਂ
ਨਵੀਂ ਦਿੱਲੀ: ਮੀਨਾਕਸ਼ੀ ਲੇਖੀ, ਸ਼ੋਭਾ ਕਰਾਂਦਜਲੇ ਤੇ ਅਨੂਪ੍ਰਿਆ ਸਿੰਘ ਪਟੇਲ ਸਮੇਤ ਸੱਤ ਮਹਿਲਾਂ ਮੈਂਬਰਾਂ ਨੂੰ ਕੇਂਦਰੀ ਕੈਬਨਿਟ ਸ਼ਾਮਲ ਕੀਤੇ ਜਾਣ ਨਾਲ ਮੋਦੀ ਵਜ਼ਾਰਤ ਵਿੱਚ ਮਹਿਲਾਵਾਂ ਦੀ ਕੁੱਲ ਗਿਣਤੀ 11 ਹੋ ਗਈ ਹੈ, ਹੁਣ ਤੱਕ ਦਾ ਸਿਖਰਲਾ ਅੰਕੜਾ ਹੈ। ਹਲਫ਼ ਲੈਣ ਵਾਲੀਆਂ ਹੋਰਨਾਂ ਮਹਿਲਾ ਮੈਂਬਰਾਂ ’ਚ ਦਰਸ਼ਨਾ ਵਿਕਰਮ ਜਰਦੋਸ਼, ਪ੍ਰਤਿਮਾ ਭੌਮਿਕ, ਡਾ.ਭਾਰਤੀ ਪ੍ਰਵੀਨ ਪਵਾਰ ਤੇ ਅੰਨਪੂਰਨਾ ਦੇਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਤਿੰਨ ਪਹਿਲੀ ਵਾਰ ਸੰਸਦ ਮੈਂਬਰ ਬਣੀਆਂ ਹਨ ਜਦੋਂਕਿ ਪਟੇਲ ਦੀ ਮੰਤਰੀ ਮੰਡਲ ਵਿੱਚ ਵਾਪਸੀ ਹੋਈ ਹੈ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹਿਲੇ ਕਾਰਜਕਾਲ ’ਚ ਸਿਹਤ ਰਾਜ ਮੰਤਰੀ ਸੀ। ਨਿਰਮਲਾ ਸੀਤਾਰਾਮਨ, ਸ੍ਰਮਿਤੀ ਇਰਾਨੀ, ਸਾਧਵੀ ਨਿਰੰਜਣ ਜਿਓਤੀ ਤੇ ਰੇਣੂਕਾ ਸਿੰਘ ਸਰੁਤਾ ਪਹਿਲਾਂ ਹੀ ਕੇਂਦਰੀ ਕੈਬਨਿਟ ਦਾ ਹਿੱਸਾ ਹਨ। ਮਹਿਲਾ ਤੇ ਬਾਲ ਵਿਕਾਸ ਮੰਤਰੀ ਦੇਬਾਸ਼੍ਰੀ ਚੌਧਰੀ ਨੇ ਅੱਜ ਸਵੇਰੇ ਅਸਤੀਫ਼ਾ ਦੇ ਦਿੱਤਾ ਸੀ। -ਪੀਟੀਆਈ
ਨਵੀਂ ਕੇਂਦਰੀ ਕੈਬਨਿਟ ’ਚ ਸ਼ਾਮਲ ਮੰਤਰੀਆਂ ਦੀ ਔਸਤ ਉਮਰ 58 ਸਾਲ
ਨਵੀਂ ਦਿੱਲੀ: ਕੇਂਦਰੀ ਕੈਬਨਿਟ ’ਚ ਫੇਰਬਦਲ ਮਗਰੋਂ ਨਵੇਂ ਵਜ਼ਾਰਤੀ ਮੰਤਰੀਆਂ ਦੀ ਔਸਤ ਉਮਰ ਪਿਛਲੇ ਸਾਲਾਂ ਵਿੱਚ 61 ਸਾਲਾਂ ਦੇ ਮੁਕਾਬਲੇ ਘੱਟ ਕੇ 58 ਸਾਲ ਰਹਿ ਗਈ ਹੈ। ਪੱਛਮੀ ਬੰਗਾਲ ਤੋਂ ਲੋਕ ਸਭਾ ਮੈਂਬਰ ਨਿਸਿਥ ਪ੍ਰਮਾਣਿਕ (35) ਹਲਫ਼ ਲੈਣ ਵਾਲੇ ਸਭ ਤੋਂ ਛੋਟੀ ਉਮਰ ਦੇ ਮੰਤਰੀ ਹਨ ਜਦੋਂਕਿ 72 ਸਾਲਾਂ ਦੇ ਸੋਮ ਪ੍ਰਕਾਸ਼ ਸਭ ਤੋਂ ਉਮਰ ਦਰਾਜ਼ ਹਨ। ਅੱਜ ਦੇ ਫੇਰਬਦਲ ਮਗਰੋਂ ਕੇੇਂਦਰੀ ਕੈਬਨਿਟ ’ਚ ਸ਼ਾਮਲ ਮੰਤਰੀਆਂ ਦੀ ਕੁੱਲ ਗਿਣਤੀ 77 ਹੋ ਗਈ ਹੈ। ਕੈਬਨਿਟ ’ਚ ਸ਼ਾਮਲ 50 ਸਾਲ ਤੋਂ ਘੱਟ ਉਮਰ ਦੇ ਹੋਰਨਾਂ ਮੰਤਰੀਆਂ ’ਚ ਸਮ੍ਰਿਤੀ ਇਰਾਨੀ(45), ਕਿਰਨ ਰਿਜਿਜੂ(49), ਮਨਸੁਖ ਮੰਡਾਵੀਆ(49), ਅਨੁਰਾਗ ਠਾਕੁਰ(40), ਡਾ. ਭਾਰਤੀ ਪ੍ਰਵੀਨ ਪਵਾਰ (42), ਅਨੂਪ੍ਰਿਆ ਸਿੰਘ ਪਟੇਲ(40), ਸ਼ਾਂਤਨੂ ਠਾਕੁਰ(38), ਜੌਹਨ ਬਾਰਲਾ(45) ਤੇ ਡਾ.ਐੱਲ.ਮੁਰੂਗਨ (44) ਹਨ। -ਪੀਟੀਆਈ