ਪਟਨਾ, 13 ਜੁਲਾਈ
ਬਿਹਾਰ ਵਿੱਚ ਵਿਰੋਧੀ ਭਾਜਪਾ ਦੇ ਇੱਕ ਨੇਤਾ ਦੀ ਅੱਜ ਨਿਤੀਸ਼ ਕੁਮਾਰ ਸਰਕਾਰ ਖ਼ਿਲਾਫ਼ ‘ਵਿਧਾਨ ਸਭਾ ਮਾਰਚ’ ਵਿੱਚ ਹਿੱਸਾ ਲੈਣ ਦੌਰਾਨ ਮੌਤ ਹੋ ਗਈ ਤੇ ਇਸ ਲਈ ਭਾਜਪਾ ਨੇ ਪੁਲੀਸ ਦੇ ਲਾਠੀਚਾਰਜ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਪਟਨਾ ਮੈਡੀਕਲ ਕਾਲਜ ਤੇ ਹਸਪਤਾਲ ਦੇ ਸੁਪਰਡੈਂਟ ਡਾ. ਆਈਐੱਸ ਠਾਕੁਰ ਨੇ ਕਿਹਾ ਕਿ ਪਾਰਟੀ ਦੇ ਜਹਾਨਾਬਾਦ ਜ਼ਿਲ੍ਹੇ ਦੇ ਜਨਰਲ ਸਕੱਤਰ ਵਿਜੈ ਸਿੰਘ ਨੂੰ ਬੇਹੋਸ਼ੀ ਦੀ ਹਾਲਤ ’ਚ ਹਸਪਤਾਲ ਲਿਆਂਦਾ ਗਿਆ ਸੀ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਕੇਂਦਰੀ ਗ੍ਰਹਿ ਰਾਜ ਮੰਤਰੀ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਨਿੱਤਿਆਨੰਦ ਰਾਏ ਨੇ ਪੱਤਰਕਾਰਾਂ ਨੂੰ ਕਿਹਾ, ‘ਰੋਸ ਮਾਰਚ ਦੌਰਾਨ ਵਿਜੈ ਕੁਮਾਰ ਦੀ ਮੌਤ ਇਸ ਸੰਘਰਸ਼ ਲਈ ਇੱਕ ਕੁਰਬਾਨੀ ਹੈ।’ ਉਨ੍ਹਾਂ ਦੋਸ਼ ਲਾਇਆ, ‘ਇਸ ਤੋਂ ਇਲਾਵਾ ਸੂਬੇ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਆਪਣੀ ਆਵਾਜ਼ ਦਿੰਦਿਆਂ ਹਜ਼ਾਰਾਂ ਭਾਜਪਾ ਵਰਕਰ ਜ਼ਖ਼ਮੀ ਹੋਏ ਹਨ। ਜ਼ਖਮੀਆਂ ’ਚ ਕਈ ਮਹਿਲਾਵਾਂ, ਸੰਸਦ ਮੈਂਬਰ ਤੇ ਰਾਜ ਵਿਧਾਨ ਕੌਂਸਲ ਦੇ ਮੈਂਬਰ ਸ਼ਾਮਲ ਹਨ।’ ਇਸ ਮਾਮਲੇ ’ਚ ਅਧਿਕਾਰੀ ਚੁੱਪ ਹਨ ਪਰ ਪਟਨਾ ਦੇ ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵਿਜੈ ਸਿੰਘ ਦੇ ਸਰੀਰ ’ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਮਿਲਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਛੱਜੂ ਬਾਗ ਇਲਾਕੇ ’ਚ ਵਿਜੈ ਸਿੰਘ ਸੜਕ ਕਿਨਾਰੇ ਬੇਹੋਸ਼ ਪਿਆ ਮਿਲਿਆ ਜਿੱਥੋਂ ਉਸ ਨੂੰ ਪਟਨਾ ਮੈਡੀਕਲ ਕਾਲਜ ਤੇ ਹਸਪਤਾਲ ਦਾਖਲ ਕਰਵਾਇਆ ਗਿਆ। ਇਸੇ ਦੌਰਾਨ ਪਟਨਾ ’ਚ ਡਾਕ ਬੰਗਲਾ ਚੌਰਾਹੇ ’ਤੇ ਲਾਏ ਬੈਰੀਕੇਡ ਪਾਰ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਸਾਬਕਾ ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਤੇ ਰੇਣੂ ਦੇਵੀ ਸਣੇ ਕਈ ਭਾਜਪਾ ਵਰਕਰਾਂ ਨੂੰ ਪੁਲੀਸ ਫੜ ਕੇ ਥਾਣੇ ਲੈ ਗਈ। ਇਸ ਤੋਂ ਪਹਿਲਾਂ ਸੂਬਾ ਸਰਕਾਰ ਦੀ ਅਧਿਆਪਕ ਭਰਤੀ ਨੀਤੀ ਖ਼ਿਲਾਫ਼ ਅੰਦੋਲਨ ਦੀ ਹਮਾਇਤ ’ਚ ਵਿਧਾਨ ਸਭਾ ਮਾਰਚ ਗਾਂਧੀ ਮੈਦਾਨ ਤੋਂ ਸ਼ੁਰੂ ਹੋਇਆ ਜਿਸ ਨੂੰ ਵਿਧਾਨ ਸਭਾ ਕੰਪਲੈਕਸ ਤੋਂ ਕੁਝ ਦੂਰ ਰੋਕ ਦਿੱਤਾ ਗਿਆ ਸੀ। ਪੁਲੀਸ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰ ਰਹੇ ਭਾਜਪਾ ਕਾਰਕੁਨਾਂ ਨੂੰ ਖਦੇੜਨ ਲਈ ਅੱਥਰੂ ਗੈਸ ਦੇ ਗੋਲੇ ਦਾਗੇ ਤੇ ਜਲ ਤੋਪਾਂ ਦੀ ਵਰਤੋਂ ਵੀ ਕੀਤੀ। ਇਸ ਦੌਰਾਨ ਮਹਾਰਾਜਗੰਜ ਤੋਂ ਸੰਸਦ ਮੈਂਬਰ ਜਨਾਰਦਨ ਸਿੰਘ ਸਿਗਰੀਵਾਰ ਦੇ ਸਿਰ ’ਚ ਵੀ ਸੱਟ ਵੱਜੀ। -ਪੀਟੀਆਈ
ਤੇਜਸਵੀ ਨੂੰ ਬਚਾਉਣ ਲਈ ਨਿਤੀਸ਼ ਨੈਤਿਕਤਾ ਭੁੱਲੇ: ਨੱਢਾ
ਨਵੀਂ ਦਿੱਲੀ: ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਪਟਨਾ ’ਚ ਪਾਰਟੀ ਵਰਕਰਾਂ ’ਤੇ ਹੋਏ ਲਾਠੀਚਾਰਜ ਨੂੰ ਨਿਤੀਸ਼ ਕੁਮਾਰ ਸਰਕਾਰ ਦੀ ਨਾਕਾਮੀ ਤੇ ਬੁਖਲਾਹਟ ਦਾ ਨਤੀਜਾ ਕਰਾਰ ਦਿੱਤਾ ਤੇ ਦੋਸ਼ ਲਾਇਆ ਕਿ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਨੂੰ ਬਚਾਉਣ ਲਈ ਮੁੱਖ ਮੰਤਰੀ ਨੈਤਿਕਤਾ ਤੱਕ ਭੁੱਲ ਗਏ ਹਨ। ਨੱਢਾ ਨੇ ਟਵੀਟ ਕੀਤਾ, ‘ਭਾਜਪਾ ਵਰਕਰਾ ’ਤੇ ਪਟਨਾ ’ਚ ਹੋਇਆ ਲਾਠੀਚਾਰਜ ਸੂਬਾ ਸਰਕਾਰ ਦੀ ਨਾਕਾਮੀ ਤੇ ਬੁਖਲਾਹਟ ਦਾ ਨਤੀਜਾ ਹੈ। ਮਹਾਗੱਠਜੋੜ ਦੀ ਸਰਕਾਰ ਭ੍ਰਿਸ਼ਟਾਚਾਰ ਦੇ ਕਿਲ੍ਹੇ ਨੂੰ ਬਚਾਉਣ ਲਈ ਲੋਕਤੰਤਰ ’ਤੇ ਹਮਲਾ ਕਰ ਰਹੀ ਹੈ।’ ਉਨ੍ਹਾਂ ਤੇਜਸਵੀ ਯਾਦਵ ਦਾ ਨਾਂ ਲਏ ਬਿਨਾਂ ਕਿਹਾ ਕਿ ਜਿਸ ਵਿਅਕਤੀ ਖ਼ਿਲਾਫ਼ ਦੋਸ਼ ਪੱਤਰ ਦਾਇਰ ਹੋਇਆ ਹੈ, ਉਸ ਨੂੰ ਬਚਾਉਣ ਲਈ ਬਿਹਾਰ ਦੇ ਮੁੱਖ ਮੰਤਰੀ ਨੈਤਿਕਤਾ ਤੱਕ ਭੁੱਲ ਗਏ ਹਨ। -ਪੀਟੀਆਈ