ਨਵੀਂ ਦਿੱਲੀ, 10 ਸਤੰਬਰ
ਬਿਹਾਰ ਵਿਧਾਨ ਸਭਾ ਦੀਆਂ ਆਉਂਦੀਆਂ ਚੋਣਾਂ ਲਈ ਪ੍ਰਚਾਰ ਦਾ ਬਿਗਲ ਵਜਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿੰਡਾਂ ’ਚ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਅੱਜ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਦੇ 75 ਲੱਖ ਤੋਂ ਵੱਧ ਕਿਸਾਨਾਂ ਨੂੰ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਤਹਿਤ ਛੇ ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। ਸ੍ਰੀ ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਆਪਣੇ ਭਾਸ਼ਣ ਦੀ ਸ਼ੁਰੂਆਤ ਭੋਜਪੁਰੀ ’ਚ ਕੀਤੀ ਤਾਂ ਜੋ ਵੋਟਰਾਂ ਤੱਕ ਆਪਣੀ ਗੱਲ ਪਹੁੰਚਾਈ ਜਾ ਸਕੇ। ਇਸ ਦੌਰਾਨ ਉਨ੍ਹਾਂ 20,050 ਕਰੋੜ ਦੀ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾ ਦੇ ਨਾਲ ਨਾਲ ਬਿਹਾਰ ’ਚ ਮੱਛੀ ਅਤੇ ਪਸ਼ੂ ਪਾਲਣ ਨਾਲ ਸਬੰਧਤ ਕਈ ਹੋਰ ਪ੍ਰੋਗਰਾਮਾਂ ਦੀ ਸ਼ੁਰੂਆਤ ਵੀ ਕੀਤੀ।
ਸ੍ਰੀ ਮੋਦੀ ਨੇ ਕੋਵਿਡ-19 ਸੰਕਟ ਦੌਰਾਨ ਬਿਹਾਰ ਦੇ ਕਿਸਾਨਾਂ ਅਤੇ ਪਰਵਾਸੀ ਮਜ਼ਦੂਰਾਂ ਲਈ ਕੇਂਦਰ ਵੱਲੋਂ ਉਠਾਏ ਗਏ ਕਦਮਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਟਨਾ, ਪੂਰਨੀਆ, ਸੀਤਾਮੜ੍ਹੀ, ਮਧੇਪੁਰਾ, ਕਿਸ਼ਨਗੰਜ ਅਤੇ ਸਮਸਤੀਪੁਰ ’ਚ ਨਾ ਸਿਰਫ਼ ਨਵਾਂ ਬੁਨਿਆਦੀ ਢਾਂਚਾ ਖੜ੍ਹਾ ਹੋਵੇਗਾ ਸਗੋਂ ਕਿਸਾਨਾਂ ਲਈ ਮੰਡੀ ਦੀ ਸਹੂਲਤ ਵੀ ਮਿਲੇਗੀ। ਵੀਡੀਓ ਕਾਨਫਰੰਸ ਦੌਰਾਨ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਹਾਜ਼ਰੀ ’ਚ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਸੋਹਲੇ ਗਾਉਂਦਿਆਂ ਕਿਹਾ ਕਿ ਅੰਬ, ਲੀਚੀ ਅਤੇ ਮਧੂਬਨੀ ਕਲਾ ਵਰਗੇ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ ਤਾਂ ਜੋ ਬਿਹਾਰ ਨੂੰ ਆਤਮ ਨਿਰਭਰ ਬਣਾਇਆ ਜਾ ਸਕੇ। -ਪੀਟੀਆਈ
ਸੋਸ਼ਲ ਵੈਕਸੀਨ ਹੀ ਕਰੋਨਾ ਤੋਂ ਬਚਾਅ ਦਾ ਵਧੀਆ ਤਰੀਕਾ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਕਰੋਨਾਵਾਇਰਸ ਨੂੰ ਹੌਲੇ ’ਚ ਨਾ ਲੈਣ ਅਤੇ ਮਾਸਕ ਪਹਿਨਣ ਦੇ ਨਾਲ ਨਾਲ ‘ਦੋ ਗਜ ਕੀ ਦੂਰੀ’ ਦੇ ਨੇਮਾਂ ਦਾ ਪਾਲਣ ਕਰਨ। ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾ ਦੀ ਸ਼ੁਰੂਆਤ ਕਰਦਿਆਂ ਸ੍ਰੀ ਮੋਦੀ ਨੇ ਲੋਕਾਂ ਨੂੰ ਕਿਹਾ ਕਿ ਜਦੋਂ ਤੱਕ ਵਿਗਿਆਨੀ ਕੋਵਿਡ-19 ਦੀ ਵੈਕਸੀਨ ਤਿਆਰ ਨਹੀਂ ਕਰ ਲੈਂਦੇ, ਉਸ ਸਮੇਂ ਤੱਕ ਸੋਸ਼ਲ ਵੈਕਸੀਨ ਕਰੋਨਾਵਾਇਰਸ ਤੋਂ ਬਚਣ ਦਾ ਬਿਹਤਰ ਤਰੀਕਾ ਹੈ। ਉਨ੍ਹਾਂ ਲੋਕਾਂ ਨੂੰ ਜਨਤਕ ਥਾਵਾਂ ’ਤੇ ਨਾ ਥੁੱਕਣ ਲਈ ਵੀ ਕਿਹਾ ਹੈ। -ਪੀਟੀਆਈ
ਸਕੂਲੀ ਸਿੱਖਿਆ ਬਾਰੇ ਮੋਦੀ ਦਾ ਸੰਬੋਧਨ ਅੱਜ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੌਮੀ ਸਿੱਖਿਆ ਨੀਤੀ-2020 ਤਹਿਤ ‘21ਵੀਂ ਸਦੀ ’ਚ ਸਕੂਲੀ ਸਿੱਖਿਆ’ ਵਿਸ਼ੇ ’ਤੇ ਭਲਕੇ ਵੀਡੀਓ ਕਾਨਫਰੰਸਿੰਗ ਰਾਹੀਂ ਕਾਨਫਰੰਸ ਨੂੰ ਸੰਬੋਧਨ ਕੀਤਾ ਜਾਵੇਗਾ। ਸਿੱਖਿਆ ਮੰਤਰਾਲੇ ਵੱਲੋਂ ਕਰਵਾਈ ਜਾ ਰਹੀ ਦੋ ਦਿਨੀਂ ਕਾਨਫਰੰਸ ‘ਸ਼ਿਕਸ਼ਾ ਪਰਵ’ (ਸਿੱਖਿਆ ਤਿਉਹਾਰ) ਦਾ ਹਿੱਸਾ ਹੈ ਜੋ 8 ਤੋਂ 25 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਅਧਿਆਪਕਾਂ ਨੂੰ ਸਨਮਾਨਤ ਕਰਨ ਦੇ ਨਾਲ ਨਾਲ ਨਵੀਂ ਸਿੱਖਿਆ ਨੀਤੀ ਬਾਰੇ ਜਾਗਰੂਕ ਕਰਨਾ ਹੈ। -ਪੀਟੀਆਈ