ਨਵੀਂ ਦਿੱਲੀ, 18 ਅਕਤੂਬਰ
ਸੀਨੀਅਰ ਕਾਂਗਰਸੀ ਨੇਤਾ ਪੀ. ਚਿਦੰਬਰਮ ਨੇ ਐਤਵਾਰ ਨੂੰ ਬਿਹਾਰ, ਮੱਧ ਪ੍ਰਦੇਸ਼ ਅਤੇ ਭਾਰਤ ਦੇ ਹੋਰ ਹਿੱਸਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੋਟ ਪਾਉਣ ਵੇਲੇ ਅਮਰੀਕੀ ਚੋਣ ਵਿੱਚ ਡੈਮੋਕਰੇਟਿਕ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਜੋਅ ਬਿਡੇਨ ਦੀ ‘ਵੰਡ ਦੀ ਥਾਂ ਏਕਤਾ’ ਦੀ ਚੋਣ ਕਰਨ ਵਾਲੀ ਟਿੱਪਣੀ ਯਾਦ ਰੱਖਣ। ਬਿਡੇਨ ਨੇ ਅਮਰੀਕੀ ਵੋਟਰਾਂ ਨੂੰ ਡਰ ਦੀ ਬਜਾਏ ਉਮੀਦ, ਵੰਡ ਦੀ ਬਜਾਏ ਏਕਤਾ ਦੀ ਚੋਣ ਕਰਨ ਲਈ ਕਿਹਾ ਹੈ। ਸ੍ਰੀ ਚਿਦੰਬਰਮ ਨੇ ਕਿਹਾ ਕਿ ਭਾਰਤੀ ਵੋਟਰਾਂ ਨੂੰ ਵੀ ਇਸ ਰਾਹ ’ਤੇ ਵੋਟ ਪਾਉਣੀ ਚਾਹੀਦੀ ਹੈ। ਬਿਹਾਰ ਵਿੱਚ 3 ਪੜਾਵਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਪਹਿਲਾ ਪੜਾਅ 28 ਅਕਤੂਬਰ ਨੂੰ ਹੈ। ਇਸ ਤੋਂ ਇਲਾਵਾ ਲੋਕ ਸਭਾ ਦੀ ਇਕ ਸੀਟ ਅਤੇ ਦੇਸ਼ ਦੇ 12 ਰਾਜਾਂ ਵਿਚ ਵਿਧਾਨ ਸਭਾ ਦੀਆਂ 56 ਸੀਟਾਂ ਲਈ 3 ਨਵੰਬਰ ਅਤੇ 7 ਨਵੰਬਰ ਨੂੰ ਉਪ ਚੋਣਾਂ ਹੋਣੀਆਂ ਹਨ। ਜਿਨ੍ਹਾਂ 56 ਸੀਟਾਂ ’ਤੇ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਹੋਣੀਆਂ ਹਨ ਉਨ੍ਹਾਂ ਵਿਚੋਂ 28 ਸੀਟਾਂ ਮੱਧ ਪ੍ਰਦੇਸ਼ ਵਿਚ ਹਨ।