ਪਟਨਾ, 19 ਅਕਤੂਬਰ
ਬਿਹਾਰ ਦੇ ਸਰਕਾਰੀ ਸਕੂਲਾਂ ਵਿੱਚ 7ਵੀਂ ਕਲਾਸ ਦੀ ਛਿਮਾਹੀ ਪ੍ਰੀਖਿਆ ਦੌਰਾਨ ਪ੍ਰਸ਼ਨ ਪੱਤਰ ਵਿੱਚ ਕਸ਼ਮੀਰ ਨੂੰ ਵੱਖਰਾ ਮੁਲਕ ਦੱਸਣ ਦਾ ਮਾਮਲਾ ਭਖ ਗਿਆ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਸਿੱਖਿਆ ਵਿਭਾਗ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਹ ਪ੍ਰਸ਼ਨ ਪੱਤਰ ਅਰਰੀਆ, ਕਿਸ਼ਨਗੰਜ ਅਤੇ ਕਟਿਹਾਰ ਜ਼ਿਲ੍ਹਿਆਂ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਵੰਡੇ ਗਏ ਸਨ। ਸਿੱਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੀਪਕ ਕੁਮਾਰ ਸਿੰਘ ਨੇ ਦੱਸਿਆ, ‘‘ਅਸੀਂ ਮਾਮਲੇ ਦੇ ਜਾਂਚ ਦੇ ਹੁਕਮ ਦਿੱਤੇ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।’’ ਇਸੇ ਦੌਰਾਨ ਵਿਰੋਧੀ ਭਾਜਪਾ ਨੇ ਦੋਸ਼ ਲਾਇਆ ਕਿ ਪ੍ਰਸ਼ਨ ਪੱਤਰ ਵਿੱਚ ਕੰਟੈਂਟ ਇਹ ਇਸ਼ਾਰਾ ਕਰਦਾ ਹੈ ਕਿ ਬਿਹਾਰ ਸਰਕਾਰ ਦੇ ਅਧਿਕਾਰੀ ਮੰਨਦੇ ਹਨ ਕਸ਼ਮੀਰ ਨੂੰ ਵੱਖਰਾ ਮੁਲਕ ਹੈ। -ਪੀਟੀਆਈ