ਪਟਨਾ, 7 ਨਵੰਬਰ
ਮਸ਼ਹੂਰ ਲੋਕ ਗਾਇਕਾ ਅਤੇ ‘ਬਿਹਾਰ ਦੀ ਕੋਇਲ’ ਵਜੋਂ ਮਸ਼ਹੂਰ ਸ਼ਾਰਦਾ ਸਿਨਹਾ ਦਾ ਅੱਜ ਇੱਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਆਖ਼ਰੀ ਰਸਮਾਂ ਨਿਭਾਉਂਦਿਆਂ ਸ਼ਾਰਦਾ ਦੇ ਪੁੱਤਰ ਅੰਸ਼ੂਮਨ ਸਿਨਹਾ ਨੇ ਚਿਖਾ ਨੂੰ ਅਗਨੀ ਦਿਖਾਈ। ਪਟਨਾ ਦੇ ਮਹੇਂਦਰੂ ਇਲਾਕੇ ਵਿੱਚ ਗੁਲਾਬੀ ਘਾਟ ਸ਼ਮਸ਼ਾਨ ਦੇ ਬਾਹਰ ਸ਼ਾਰਦਾ ਸਿਨਹਾ ਦੇ ਆਖ਼ਰੀ ਦਰਸ਼ਨ ਲਈ ਸੈਂਕੜੇ ਪ੍ਰਸ਼ੰਸਕ ਇਕੱਠੇ ਹੋਏ ਸੀ। ਇਸ ਦੌਰਾਨ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਦੀ ਮੌਜੂਦ ਸਨ। ਰਾਜੇਂਦਰ ਨਗਰ ਖੇਤਰ (ਕੰਕੜਬਾਗ਼) ਸਥਿਤ ਸ਼ਾਰਦਾ ਸਿਨਹਾ ਦੀ ਰਿਹਾਇਸ਼ ਤੋਂ ਸ਼ਮਸ਼ਾਨ ਘਾਟ ਤੱਕ ਅੰਤਿਮ ਯਾਤਰਾ ਕੱਢੀ ਗਈ, ਜਿੱਥੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਪਦਮ ਭੂਸ਼ਣ ਸ਼ਾਰਦਾ ਸਿਨਹਾ ਦਾ ਮੰਗਲਵਾਰ ਰਾਤ ਨੂੰ ਦੇਹਾਂਤ ਹੋ ਗਿਆ ਸੀ। ਸਿਨਹਾ ਇੱਕ ਤਰ੍ਹਾਂ ਦੇ ਬਲੱਡ ਕੈਂਸਰ ‘ਮਲਟੀਪਲ ਮਾਇਲੋਮਾ’ ਤੋਂ ਪੀੜਤ ਸੀ। ਉਨ੍ਹਾਂ ਦਾ ਨਵੀਂ ਦਿੱਲੀ ਸਥਿਤ ਏਮਜ਼ ਵਿੱਚ ਇਲਾਜ ਹੋ ਰਿਹਾ ਸੀ। ਮਸ਼ਹੂਰ ਲੋਕ ਗਾਇਕਾ ਦੀ ਮ੍ਰਿਤਕ ਦੇਹ ਬੁੱਧਵਾਰ ਨੂੰ ਦਿੱਲੀ ਤੋਂ ਪਟਨਾ ਲਿਆਂਦੀ ਗਈ। ਪਟਨਾ ਹਵਾਈ ਅੱਡੇ ’ਤੇ ਬਿਹਾਰ ਦੇ ਕਈ ਮੰਤਰੀ ਮੌਜੂਦ ਸੀ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਉਨ੍ਹਾਂ ਦੇ ਘਰ ਗਏ ਅਤੇ ਸ਼ਰਧਾਂਜਲੀ ਭੇਟ ਕੀਤੀ। -ਪੀਟੀਆਈ