ਨਵੀਂ ਦਿੱਲੀ, 8 ਸਤੰਬਰ
ਜੀ-20 ਸੰਮੇਲਨ ’ਚ ਹਿੱਸਾ ਲੈਣ ਲਈ ਭਾਰਤ ਪਹੁੰਚੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਇਸ ਦੌਰਾਨ ਦੋਵਾਂ ਆਗੂਆਂ ਨੇ ਦੁਵੱਲੇ ਸਬੰਧ ਮਜ਼ਬੂਤ ਕਰਨ ਬਾਰੇ ਵਿਚਾਰ ਚਰਚਾ ਕੀਤੀ। ਅੱਜ ਦੇਰ ਸ਼ਾਮ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਕੇਂਦਰੀ ਮੰਤਰੀ ਵੀਕੇ ਸਿੰਘ ਤੇ ਭਾਰਤ ਵਿਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਜੋਅ ਬਾਇਡਨ ਦਾ ਸਵਾਗਤ ਕੀਤਾ। ਗਾਰਸੇਟੀ ਨਾਲ ਉਨ੍ਹਾਂ ਦੀ ਧੀ ਵੀ ਮੌਜੂਦ ਸੀ। ਰਾਸ਼ਟਰਪਤੀ ਬਣਨ ਮਗਰੋਂ ਬਾਇਡਨ ਦੀ ਇਹ ਪਲੇਠੀ ਭਾਰਤ ਫੇਰੀ ਹੈ।
ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੀਟਿੰਗ ਦੌਰਾਨ ਦੋਵਾਂ ਆਗੂਆਂ ਨੇ ਵੱਖ ਵੱਖ ਮੁੱਦੇ ਵਿਚਾਰਨ ਤੋਂ ਇਲਾਵਾ ਭਾਰਤ ਤੇ ਅਮਰੀਕਾ ਵਿਚਾਲੇ ਰਿਸ਼ਤੇ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ ਚਰਚਾ ਕੀਤੀ। ਇਸ ਮੌਕੇ ਅਮਰੀਕਾ ਦੇ ਵਿੱਤ ਮੰਤਰੀ ਜੈਨੇਟ ਯੈਲੇਨ, ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਜਦਕਿ ਭਾਰਤ ਵੱਲੋਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਐੱਨਐੱਸਏ ਅਜੀਤ ਡੋਵਾਲ ਹਾਜ਼ਰ ਸਨ। -ਪੀਟੀਆਈ