ਨਵੀਂ ਦਿੱਲੀ, 13 ਜੁਲਾਈ
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਭੂਟਾਨ ’ਚ ਭੀਮ-ਯੂਪੀਆਈ ਕਿਊਆਰ ਆਧਾਰਿਤ ਭੁਗਤਾਨ ਸਿਸਟਮ ਸ਼ੁਰੂ ਹੋਣ ਨਾਲ ਦੋਵਾਂ ਮੁਲਕਾਂ ਵਿਚਾਲੇ ਸਹਿਯੋਗ ਹੋਰ ਮਜ਼ਬੂਤ ਹੋਵੇਗਾ। ਵਿੱਤ ਮੰਤਰੀ ਨੇ ਡਿਜੀਟਲ ਢੰਗ ਨਾਲ ਸੇਵਾ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਵਿੱਤ ਰਾਜ ਮੰਤਰੀ ਭਾਗਵਤ ਕੇ ਕਰਾੜ, ਵਿੱਤੀ ਸੇਵਾ ਸਕੱਤਰ ਦੇਬਾਸ਼ੀਸ਼ ਪਾਂਡਾ ਤੇ ਸੰਯੁਕਤ ਸਕੱਤਰ ਮਦਨੇਸ਼ ਕੁਮਾਰ ਮਿਸ਼ਰਾ ਹਾਜ਼ਰ ਸਨ। ਭੂਟਾਨ ਦੇ ਵਿੱਤ ਮੰਤਰੀ ਲਯੌਂਪੋ ਨਾਮਗੇ ਸ਼ੇਰਿੰਗ, ਭੂਟਾਨ ਦੇ ਸ਼ਾਹੀ ਮੁਦਰਾ ਅਥਾਰਿਟੀ (ਆਰਐੱਮਏ) ਦੇ ਗਵਰਨਰ ਦਾਸ਼ੋ ਪੈਂਜੋਰ, ਭਾਰਤ ’ਚ ਭੂਟਾਨ ਦੇ ਰਾਜਦੂਤ ਜਨਰਲ ਵੀ ਨਾਮਗਏਲ ਤੇ ਭੂਟਾਨ ’ਚ ਭਾਰਤ ਦੀ ਰਾਜਦੂਤ ਰੁਚਿਰਾ ਕੰਬੋਜ ਵੀ ਇਸ ਮੌਕੇ ਹਾਜ਼ਰ ਸੀ। ਸੀਤਾਰਾਮਨ ਨੇ ਆਰਐੱਮਏ ਤੇ ਭਾਰਤੀ ਕੌਮੀ ਭੁਗਤਾਨ ਨਿਗਮ (ਐੱਨਪੀਸੀਆਈ) ਦੀ ਭੀਮ-ਯੂਪੀਆਈ ਐਪ ਅਤੇ ਰੁਪੈ ਕਾਰਡ ਨੂੰ ਭੂਟਾਨ ਦੀ ਭੁਗਤਾਨ ਪ੍ਰਣਾਲੀ ਨਾਲ ਜੋੜੇ ਜਾਣ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ‘ਇਹ ਦੋਵਾਂ ਮੁਲਕਾਂ ਵਿਚਾਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵਾਲਾ ਹੈ।’ ਇਸ ਪਹਿਲ ਨਾਲ ਹਰ ਸਾਲ ਭਾਰਤ ਤੋਂ ਭੂਟਾਨ ਜਾਣ ਵਾਲੇ ਦੋ ਲੱਖ ਤੋਂ ਵੱਧ ਸੈਲਾਨੀਆਂ ਨੂੰ ਲਾਭ ਹੋਵੇਗਾ। ਇਸ ਨਾਲ ਭੂਟਾਨ ਯੁਨੀਫਾਈਡ ਪੇਮੈਂਟ ਇੰਟਰਫੇਸ (ਯੂਪੀਆਈ) ਮਾਪਦੰਡ ਅਪਣਾਉਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਨਾਲ ਹੀ ਭੂਟਾਨ ਇਕਲੌਤਾ ਦੇਸ਼ ਹੈ ਜੋ ਰੁਪੈ ਕਾਰਡ ਜਾਰੀ ਕਰੇਗਾ ਤੇ ਸਵੀਕਾਰ ਕਰੇਗਾ ਅਤੇ ਭੀਮ-ਯੂਪੀਆਈ ਸਵੀਕਾਰ ਕਰੇਗਾ। ਜ਼ਿਕਰਯੋਗ ਹੈ ਕਿ ਭਾਰਤ ਨੇ ਦੇਸ਼ ’ਚ ਵਿਕਸਿਤ ਰੁਪੈ ਕਾਰਡ 2019 ’ਚ ਭੂਟਾਨ ’ਚ ਸ਼ੁਰੂ ਕੀਤਾ ਸੀ ਅਤੇ ਦੂਜੇ ਗੇੜ ਦੀ ਸ਼ੁਰੂਆਤ ਨਵੰਬਰ 2020 ’ਚ ਹੋਈ ਸੀ। -ਪੀਟੀਆਈ