ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 19 ਅਕਤੂਬਰ
ਬਿਲਕੀਸ ਬਾਨੋ ਸਮੂਹਿਕ ਜਬਰ-ਜਨਾਹ ਕੇਸ ਦੇ 11 ਦੋਸ਼ੀਆਂ ਵਿੱਚੋਂ ਇਕ, ਮਿਤੇਸ਼ ਚਿਮਨਲਾਲ ਭੱਟ, ਜਿਸ ਨੂੰ ਜੇਲ੍ਹ ਵਿੱਚ ‘ਚੰਗੇ ਵਤੀਰੇ’ ਲਈ ਸਮੇਂ ਤੋਂ ਪਹਿਲਾਂ ਰਿਹਾਅ ਕੀਤਾ ਗਿਆ ਹੈ, ਉੱਤੇ ਜੂਨ 2020 ਵਿੱਚ ਪੈਰੋਲ ਦੌਰਾਨ ਮਹਿਲਾ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਇਹ ਖੁਲਾਸਾ ਗੁਜਰਾਤ ਸਰਕਾਰ ਵੱਲੋਂ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਦਾਇਰ ਹਲਫ਼ਨਾਮੇ ਨਾਲ ਨੱਥੀ ਦਸਤਾਵੇਜ਼ਾਂ ਤੋਂ ਹੋਇਆ ਹੈ।
ਇਨ੍ਹਾਂ ਦਸਤਾਵੇਜ਼ਾਂ, ਜਿਸ ਦੀ ਇਕ ਕਾਪੀ ‘ਦਿ ਟ੍ਰਿਬਿਊਨ’ ਕੋਲ ਵੀ ਮੌਜੂਦ ਹੈ, ਮੁਤਾਬਕ ਗੁਜਰਾਤ ਸਰਕਾਰ ਵੱਲੋਂ ਭੱਟ ਸਣੇ ਬਿਲਕੀਸ ਬਾਨੋ ਕੇਸ ਦੇ 11 ਦੋਸ਼ੀਆਂ ਨੂੰ ਰਿਹਾਅ ਕਰਨ ਦੀ ਤਜਵੀਜ਼ ’ਤੇ ਗੌਰ ਕਰਨ ਮੌਕੇ ਜ਼ਿਲ੍ਹੇ ਦੇ ਐੱਸਪੀ ਨੇ ਦਾਹੋਦ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਪੈਰੋਲ ’ਤੇ ਰਿਹਾਈ ਦੌਰਾਨ ਭੱਟ ਖਿਲਾਫ਼ ਦਰਜ ਕੇਸ ਬਾਰੇ ਸੂਚਿਤ ਕੀਤਾ ਸੀ। ਰਾਧਿਕਾਪੁਰ ਪੁਲੀਸ ਨੇ ਭੱਟ(57) ਖਿਲਾਫ਼ ਜੂਨ 2020 ਵਿੱਚ ਆਈਪੀਸੀ ਦੀਆਂ ਧਾਰਾਵਾਂ 354, 504 ਤੇ 506(2) ਤਹਿਤ ਕੇਸ ਦਰਜ ਕੀਤਾ ਸੀ। ਮਗਰੋਂ ਕੇਸ ਵਿੱਚ ਚਾਰਜਸ਼ੀਟ ਵੀ ਦਾਖ਼ਲ ਕੀਤੀ ਗਈ ਤੇ ਕੇਸ ਦੀ ਸੁਣਵਾਈ ਬਕਾਇਆ ਸੀ। ਇਸ ਸਾਲ 25 ਮਈ ਤੱਕ ਭੱਟ ਨੇ ‘ਬਿਲਕੀਸ ਬਾਨੋ ਕੇਸ’ ਵਿੱਚ ‘945 ਪੈਰੋਲ ਤੇ ਫਰਲੋ ਛੁੱਟੀਆਂ ਦਾ ਆਨੰਦ’ ਲਿਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਸਾਲ 2020 ਵਿੱਚ ਐੱਫਆਈਆਰ ਦਰਜ ਹੋਣ ਦੇ ਬਾਵਜੂਦ ਭੱਟ 281 ਦਿਨਾਂ ਲਈ ਜੇਲ੍ਹ ਵਿੱਚੋਂ ਬਾਹਰ ਰਿਹਾ। ਐੱਫਆਈਆਰ ਤੇ ਪੁਲੀਸ ਕੋਲ ਦਰਜ ਸ਼ਿਕਾਇਤ ਵਿੱਚ ਭੱਟ ’ਤੇ ਪੈਰੋਲ ਦੌਰਾਨ ‘ਗਵਾਹਾਂ ਨੂੰ ਧਮਕਾਉਣ ਤੇ ਤੰਗ ਪ੍ਰੇਸ਼ਾਨ ਕਰਨ’ ਅਤੇ ‘ਮਹਿਲਾ ਨਾਲ ਬਲਾਤਕਾਰ’ ਕਰਨ ਦੇ ਦੋਸ਼ ਲਾਏ ਗਏ ਸਨ, ਜੋ ਕਿ ਗੁਜਰਾਤ ਸਰਕਾਰ ਵੱਲੋਂ ਦਿੱਤੇ ‘ਚੰਗੇ ਵਤੀਰੇ’ ਦੇ ਤਰਕ ਦੇ ਬਿਲਕੁਲ ਉਲਟ ਹੈ। ਗੁਜਰਾਤ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਦਾਇਰ ਹਲਫ਼ਨਾਮੇ ਵਿੱਚ ਦਾਅਵਾ ਕੀਤਾ ਸੀ ਕਿ ਉਸ ਨੇ ਬਿਲਕੀਸ ਬਾਨੋ ਕੇਸ ਦੇ 11 ਦੋਸ਼ੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੇਂਦਰੀ ਗ੍ਰਹਿ ਮੰਤਰਾਲੇ ਦੀ ਪ੍ਰਵਾਨਗੀ ਨਾਲ ਲਿਆ ਸੀ। ਸੁਪਰੀਮ ਕੋਰਟ ਨੇ ਸੂਬਾ ਸਰਕਾਰ ਦੇ ਹਲਫ਼ਨਾਮੇ ਨੂੰ ‘ਵੱਡ ਆਕਾਰੀ’ ਦੱਸਦਿਆਂ ਤੱਥਾਂ ਤੋਂ ਵਿਹੂਣਾ ਕਰਾਰ ਦਿੱਤਾ ਸੀ। ਇਸ ਸਾਲ 15 ਅਗਸਤ ਨੂੰ ‘ਆਜ਼ਾਦੀ ਦਿਹਾੜੇ’ ਮੌਕੇ ਰਿਹਾਅ ਕੀਤੇ ਇਨ੍ਹਾਂ ਦੋਸ਼ੀਆਂ ਦਾ ਜੇਲ੍ਹ ਦੇ ਬਾਹਰ ਗ਼ਲਾਂ ’ਚ ਹਾਰ ਪਾ ਕੇ ਤੇ ਮਠਿਆਈਆਂ ਵੰਡ ਕੇ ਨਾਇਕਾਂ ਵਾਂਗ ਸਵਾਗਤ ਕੀਤਾ ਗਿਆ ਸੀ।