ਨਵੀਂ ਦਿੱਲੀ/ਕੋਇੰਬਟੂਰ, 9 ਮਈ
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਤਿੰਨ ਜਨ ਸੁਰੱਖਿਆ ਯੋਜਨਾਵਾਂ-ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਨੇ ਬੀਮਾ ਅਤੇ ਪੈਨਸ਼ਨ ਸਹੂਲਤ ਆਮ ਲੋਕਾਂ ਦੀ ਪਹੁੰਚ ਵਿੱਚ ਲਿਆਉਣ ਦਾ ਕੰਮ ਕੀਤਾ ਹੈ। ਉਪਰੋਕਤ ਤਿੰਨਾਂ ਸਮਾਜਿਕ ਸੁਰੱਖਿਆ ਯੋਜਨਾਵਾਂ ਦੀ 7ਵੀਂ ਵਰ੍ਹੇਗੰਢ ਮੌਕੇ ਉਨ੍ਹਾਂ ਕਿਹਾ ਕਿ ਲੰਘੇ ਸੱਤ ਸਾਲਾਂ ਵਿੱਚ ਇਨ੍ਹਾਂ ਯੋਜਨਾਵਾਂ ਤਹਿਤ ਰਜਿਸਟਰਡ ਅਤੇ ਲਾਭਪਾਤਰੀ ਲੋਕਾਂ ਦੀ ਗਿਣਤੀ ਇਸ ਦੀ ਸਫਲਤਾ ਦਾ ਸਬੂਤ ਹੈ। ਇਸੇ ਦੌਰਾਨ ਕੋਇੰਬਟੂਰ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਨਿੱਜੀ ਸੈਕਟਰ ਲਈ ਨਵੇਂ ਮੌਕੇ ਪੈਦਾ ਕੀਤੇ ਹਨ ਅਤੇ ਨਿੱਜੀ ਸੈਕਟਰਾਂ ਨੂੰ ਕਈ ਅਜਿਹੇ ਖੇਤਰਾਂ ਵਿੱਚ ਨਿਰਮਾਣ ਦੀ ਆਗਿਆ ਦਿੱਤੀ ਹੈ, ਜਿਹੜੀ ਸਿਰਫ ਪਹਿਲਾਂ ਜਨਤਕ ਖੇਤਰ ਦੀਆਂ ਇਕਾਈਆਂ (ਪੀਐੱਸਯੂ) ਲਈ ਹੀ ਸੀ। ਉਨ੍ਹਾਂ ਕਿਹਾ ਕਿ ਹਾਲਾਂਕਿ 1991 ਵਿੱਚ ਕਾਂਗਰਸ ਸਰਕਾਰ ਵੱਲੋਂ ਅਰਥਵਿਵਸਥਾ ਨੂੰ ਖੋਲ੍ਹਣ ਮਗਰੋਂ ਕੁਝ ਚੰਗੀਆਂ ਚੀਜ਼ਾਂ ਚੀਜ਼ਾਂ ਹੋਈਆਂ, ਪਰ ਮੋਦੀ ਸਰਕਾਰ ਵੱਲੋਂ ਕੀਤੇ ਗਏ ਨੀਤੀਗਤ ਬਦਲਾਅ ਨੇ ਨਿੱਜੀ ਖੇਤਰ ਨੂੰ ਵਿਸ਼ੇਸ਼ ਮੌਕੇ ਦਿੱਤੇ ਹਨ। -ਪੀਟੀਆਈ