ਨਵੀਂ ਦਿੱਲੀ, 20 ਜੂਨ
ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਭਾਦੂ ਸ਼ੇਖ ਦੀ ਹੱਤਿਆ ਤੇ ਇਸ ਤੋਂ ਬਾਅਦ ਬੀਰਭੂਮ ਜ਼ਿਲ੍ਹੇ ਦੇ ਬੋਗਤੁਈ ਪਿੰਡ ’ਚ 21 ਮਾਰਚ ਨੂੰ ਹੋਈ ਕਥਿਤ ਅੱਗਜ਼ਨੀ ਦੇ ਕੇਸ ਵਿਚ ਸੀਬੀਆਈ ਨੇ ਦੋ ਵੱਖ-ਵੱਖ ਦੋਸ਼ ਪੱਤਰ ਦਾਖਲ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਸ਼ੇਖ ਦੀ ਹੱਤਿਆ ਵਿਚ ਦਾਇਰ ਦੋਸ਼ ਪੱਤਰ ਵਿਚ ਚਾਰ ਜਣਿਆਂ ਨੂੰ ਮੁਲਜ਼ਮ ਬਣਾਇਆ ਹੈ, ਜਦਕਿ ਤ੍ਰਿਣਮੂਲ ਕਾਂਗਰਸ ਦੇ ਆਗੂ ਅਨਾਰੁਲ ਹੁਸੈਨ ਸਣੇ 18 ਲੋਕਾਂ ਨੂੰ ਅੱਗਜ਼ਨੀ ਦੇ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ। ਸ਼ੇਖ ਦੀ ਮੌਤ ਤੋਂ ਬਾਅਦ ਬੋਗਤੁਈ ਪਿੰਡ ਵਿਚ ਬੀਤੀ 21 ਮਾਰਚ ਨੂੰ ਰਾਤ ਵੇਲੇ ਬਦਲੇ ਦੀ ਭਾਵਨਾ ਨਾਲ ਹਜੂਮ ਨੇ ਘਰਾਂ ਉਤੇ ਬੰਬ ਸੁੱਟੇ ਸਨ ਤੇ ਉਨ੍ਹਾਂ ਵਿਚ ਅੱਗ ਲਾ ਦਿੱਤੀ ਸੀ, ਇਸ ਨਾਲ ਮਹਿਲਾਵਾਂ ਤੇ ਬੱਚਿਆਂ ਸਣੇ ਨੌਂ ਲੋਕਾਂ ਦੀ ਸੜ ਕੇ ਮੌਤ ਹੋ ਗਈ ਸੀ। ਤ੍ਰਿਣਮੂਲ ਕਾਂਗਰਸ ਦੇ ਰਾਮਪੁਰਹਾਟ ਪੰਚਾਇਤ ਦੇ ਆਗੂ ਸ਼ੇਖ ਉਤੇ ਉਸੇ ਦਿਨ ਸ਼ਾਮ ਨੂੰ ਬੰਬ ਨਾਲ ਹਮਲਾ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਹਾਈ ਕੋਰਟ ਦੇ ਹੁਕਮ ਤੋਂ ਬਾਅਦ ਸੀਬੀਆਈ ਨੇ ਮਾਮਲੇ ਦੀ ਜਾਂਚ ਆਪਣੇ ਹੱਥਾਂ ਵਿਚ ਲੈ ਲਈ ਸੀ। ਚਾਰਜਸ਼ੀਟ ਵਿਚ ਜਾਂਚ ਏਜੰਸੀ ਨੇ ਦੋਸ਼ ਲਾਇਆ ਹੈ ਕਿ ਇਹ ਸ਼ੇਖ ਦੀ ਹੱਤਿਆ ਦਾ ‘ਸਿੱਧਾ ਸਿੱਟਾ’ ਸੀ। ਦੋਸ਼ ਲਾਇਆ ਗਿਆ ਹੈ ਕਿ ਸ਼ੇਖ ਦੀ ਹੱਤਿਆ ਤੋਂ ਬਾਅਦ ਉਸ ਦੇ ਵਫ਼ਾਦਾਰਾਂ ਤੇ ਗਰੁੱਪ ਦੇ ਮੈਂਬਰਾਂ ਨੇ ਪਿੰਡ ਵਿਚ ਵਿਰੋਧੀਆਂ ਦੇ ਘਰਾਂ ਨੂੰ ਅੱਗ ਲਾ ਦਿੱਤੀ। -ਪੀਟੀਆਈ