ਕੋਲਕਾਤਾ, 12 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵਾਮੀ ਵਿਵੇਕਾਨੰਦ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਅਕੀਦਤ ਭੇਟ ਕੀਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਵਾਮੀ ਵਿਵੇਕਾਨੰਦ ਦੇ ਵਿਚਾਰ ਤੇ ਆਦਰਸ਼ਾਂ ਦਾ ਪ੍ਰਚਾਰ-ਪ੍ਰਸਾਰ ਕਰਨ। ਟਵੀਟ ਕਰਦਿਆਂ ਮੋਦੀ ਨੇ ਆਪਣੀ ਐਪ ‘ਨਮੋ’ ਦਾ ਇਕ ਲਿੰਕ ਵੀ ਸ਼ੇਅਰ ਕੀਤਾ। ਇਸ ਰਾਹੀਂ ਲੋਕਾਂ ਨੂੰ ਵਿਵੇਕਾਨੰਦ ਦੇ ਵਿਚਾਰਾਂ ਨੂੰ ਸਾਂਝਾ ਕਰਨ ਦਾ ਮੌਕਾ ਦਿੱਤਾ ਗਿਆ ਹੈ। ਅਧਿਆਤਮਕ ਦਾਰਸ਼ਨਿਕ ਸਵਾਮੀ ਵਿਵੇਕਾਨੰਦ ਦਾ ਜਨਮ 1863 ਵਿਚ ਕੋਲਕਾਤਾ ਵਿਚ ਹੋਇਆ ਸੀ ਤੇ ਉਨ੍ਹਾਂ ਵੇਦਾਂਤ ਵਿਚਾਰਾਂ ਦੇ ਪ੍ਰਸਾਰ ਵਿਚ ਮਹੱਤਵਪੂਰਣ ਭੂਮਿਕਾ ਅਦਾ ਕੀਤੀ। ਪੱਛਮੀ ਬੰਗਾਲ ਵਿਚ ਵੀ ਅੱਜ ਸਵਾਮੀ ਵਿਵੇਕਾਨੰਦ ਦੀ 158ਵਾਂ ਜਨਮ ਦਿਹਾੜਾ ਮਨਾਇਆ ਗਿਆ। ਕੋਲਕਾਤਾ ਸਥਿਤ ਉਨ੍ਹਾਂ ਦੇ ਜੱਦੀ ਘਰ ਅੱਗੇ ਸਿਆਸੀ ਆਗੂਆਂ ਤੇ ਲੋਕਾਂ ਦੀਆਂ ਕਤਾਰਾਂ ਲੱਗ ਗਈਆਂ। ਰਾਜਪਾਲ ਜਗਦੀਪ ਧਨਖੜ, ਮੁੱਖ ਮੰਤਰੀ ਮਮਤਾ ਬੈਨਰਜੀ, ਲੋਕ ਸਭਾ ਵਿਚ ਵਿਰੋਧੀ ਧਿਰ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਤੇ ਹੋਰਾਂ ਨੇ ਵੀ ਸਵਾਮੀ ਵਿਵੇਕਾਨੰਦ ਨੂੰ ਯਾਦ ਕੀਤਾ।
-ਪੀਟੀਆਈ