ਵਾਰਾਨਸੀ, 19 ਅਗਸਤ
ਸ਼ਹਿਨਾਈ ਵਾਦਕ ਬਿਸਮਿੱਲ੍ਹਾ ਖਾਨ ਦਾ ਵਾਰਾਨਸੀ ਦੇ ਬੇਨੀਆ ਬਾਗ ਸਥਿਤ ਘਰ ਢਾਹਿਆ ਜਾ ਰਿਹਾ ਹੈ ਅਤੇ ਊਸ ਥਾਂ ’ਤੇ ਤਿੰਨ ਮੰਜ਼ਿਲਾ ਇਮਾਰਤ ਬਣਾਈ ਜਾਣੀ ਹੈ।
ਇਹ ਘਰ 1936 ਵਿੱਚ ਖਰੀਦਿਆ ਗਿਆ ਸੀ ਅਤੇ ਬਿਸਮਿਲ੍ਹਾ ਖਾਨ ਨੇ ਆਪਣੀ ਪੂਰੀ ਜ਼ਿੰਦਗੀ ਇੱਥੇ ਹੀ ਬਤੀਤ ਕੀਤੀ। ਇੱਥੋਂ ਤੱਕ ਕਿ ਊਨ੍ਹਾਂ ਨੇ ਆਪਣੇ ਸ਼ਾਗਿਰਦਾਂ ਵਲੋਂ ਅਮਰੀਕਾ ਵਸਣ ਦੀਆਂ ਕੀਤੀਆਂ ਪੇਸ਼ਕਸ਼ਾਂ ਵੀ ਰੱਦ ਕੀਤੀਆਂ ਸਨ। ਇਸ ਘਰ ਦਾ ਮਾਲਕ ਹੁਣ ਬਿਸਮਿੱਲ੍ਹਾ ਖਾਨ ਦਾ ਪੋਤਰਾ ਹੈ, ਜੋ ਕਿ ਊਨ੍ਹਾਂ ਦੇ ਪੰਜ ਪੁੱਤਰਾਂ ’ਚੋਂ ਇੱਕ ਮਰਹੂਮ ਮਹਿਤਾਬ ਹੁਸੈਨ ਦਾ ਪੁੱਤਰ ਹੈ। ਸ਼ਹਿਨਾਈ ਵਾਦਕ ਦੇ ਇੱਕ ਪੋਤਰੇ ਸੂਫ਼ੀ ਨੇ ਦੱਸਿਆ ਕਿ ਘਰ ਢਾਹੁਣ ਦਾ ਫ਼ੈਸਲਾ ਵਿੱਤੀ ਕਾਰਨਾਂ ਕਰਕੇ ਲਿਆ ਗਿਆ ਹੈ। ਊਨ੍ਹਾਂ ਕਿਹਾ, ‘‘ਇੱਥੇ ਤਿੰਨ ਮੰਜ਼ਿਲਾ ਵਪਾਰਕ ਇਮਾਰਤ ਦੀ ਊਸਾਰੀ ਕੀਤੀ ਜਾਵੇਗੀ ਅਤੇ ਇਮਾਰਤ ਦੇ ਇੱਕ ਹਿੱਸੇ ਵਿੱਚ ਅਸੀਂ ਬਿਸਮਿਲ੍ਹਾ ਖਾਨ ਅਜਾਇਬ ਘਰ ਬਣਾਵਾਂਗੇ। ਇਸ ਅਜਾਇਬ ਘਰ ਵਿੱਚ ਅਸੀਂ ਊਨ੍ਹਾਂ ਦੀਆਂ ਸਾਰੀਆਂ ਨਿੱਜੀ ਚੀਜਾਂ, ਪੁਰਸਕਾਰ, ਸ਼ਲਾਘਾ ਪੱਤਰ ਆਦਿ ਰੱਖਾਂਗੇ।’’
ਖਾਨ ਦੀ ਸ਼ਾਗਿਰਦ ਗਾਇਕਾ ਸੋਮਾ ਘੋਸ਼ ਨੇ ਕਿਹਾ ਕਿ ਊਸ ਨੂੰ ਘਰ ਢਾਹੇ ਜਾਣ ਬਾਰੇ ਪਤਾ ਲੱਗਣ ’ਤੇ ਧੱਕਾ ਲੱਗਿਆ। ਦੱਸਣਯੋਗ ਹੈ ਕਿ ਬਿਸਮਿੱਲ੍ਹਾ ਖਾਨ ਦੀ 14ਵੀਂ ਬਰਸੀ 21 ਅਗਸਤ ਨੂੰ ਹੈ। 2006 ਵਿੱਚ ਫ਼ੌਤ ਹੋਏ ਸ਼ਹਿਨਾਈ ਵਾਦਕ ਨੂੰ 2001 ਵਿੱਚ ਭਾਰਤ ਰਤਨ ਨਾਲ ਨਿਵਾਜਿਆ ਗਿਆ ਸੀ।