ਅਰਚਿਤ ਵਤਸ
ਮੁਕਤਸਰ , 9 ਨਵੰਬਰ
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਸਾਨ ਆਗੂਆਂ ਦੀ ਤੁਲਨਾ ਤਾਲਿਬਾਨ ਨਾਲ ਕੀਤੀ ਹੈ। ਬਿੱਟੂ ਨੇ ਕਿਹਾ ਕਿ ਜ਼ਿਮਨੀ ਚੋਣਾਂ ਮਗਰੋਂ ਕਿਸਾਨ ਆਗੂਆਂ ਵੱਲੋਂ ਹੁਣ ਤੱਕ ਬਣਾਈਆਂ ਜਾਇਦਾਦਾਂ ਦੀ ਜਾਂਚ ਕੀਤੀ ਜਾਵੇਗੀ। ਬਿੱਟੂ ਇਥੇੇ ਇਤਿਹਾਸਕ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਏ ਸਨ। ਕੇਂਦਰੀ ਰੇਲ ਰਾਜ ਮੰਤਰੀ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ, ‘‘ਕਿਸਾਨ ਆਗੂ ਬਣਨ ਤੋਂ ਪਹਿਲਾਂ ਉਨ੍ਹਾਂ ਕੋਲ ਕਿੰਨੀ ਜ਼ਮੀਨ ਸੀ ਤੇ ਹੁਣ ਉਨ੍ਹਾਂ ਕੋਲ ਕਿੰਨੀ ਜ਼ਮੀਨ ਜਾਇਦਾਦ ਹੈ, ਜ਼ਿਮਨੀ ਚੋਣਾਂ ਮਗਰੋਂ ਇਸ ਦੀ ਜਾਂਚ ਹੋਵੇਗੀ। ਇਨ੍ਹਾਂ ਵਿਚੋਂ ਕਿਹੜਾ ਕਮਿਸ਼ਨ ਏਜੰਟ ਨਹੀਂ ਹੈ ਤੇ ਕਿਸ ਦੇ ਕੋਲ ਚੌਲ ਮਿੱਲ ਨਹੀਂ ਹੈ? ਉਹ ਕਿਵੇਂ ਬੋਲਦੇ ਹਨ? ਕਿਸਾਨ ਭੋਲੇ ਭਾਲੇ ਤੇ ਸਿੱਧੜ ਹਨ। ਉਹ ਅਜਿਹੀਆਂ ਚੀਜ਼ਾਂ ਵਿਚ ਨਹੀਂ ਪੈਂਦੇ…ਖਾਦ ਕਿਸਾਨਾਂ ਤੱਕ ਪੁੱਜਣੀ ਚਾਹੀਦੀ ਹੈ, ਪਰ ਉਹ (ਕਿਸਾਨ ਆਗੂ) ਕਹਿੰਦੇ ਹਨ ਕਿ ਇਹ ਇਥੇ ਜਾਏਗੀ, ਇਹ ਉਥੇ ਜਾਏਗੀ। ਤੁਸੀਂ ਤਾਲਿਬਾਨ ਬਣ ਗਏ ਹੋ। ਤੁਹਾਨੂੰ ਕਿਤੇ ਤਾਂ ਰੁਕਣਾ ਹੋਵੇਗਾ। ਆਉਂਦੇ ਦਿਨਾਂ ਵਿਚ ਤੁਸੀਂ ਦੇਖੋਗੇ ਕਿਸਾਨ ਭਾਜਪਾ ਲਈ ਵੋਟ ਪਾਉਣਗੇ। ਕਿਸਾਨਾਂ ਨੂੰ ਪਤਾ ਹੈ ਕਿ ਕੇਂਦਰ ਸਰਕਾਰ ਹਾਲਾਤ ਸੁਧਾਰ ਸਕਦੀ ਹੈ…।’’
‘ਵੜਿੰਗ ਦੀ ਸੋਚ ਸਿਰਫ਼ ਆਪਣੇ ਪਰਿਵਾਰ ਤੱਕ ਸੀਮਤ’
ਸ੍ਰੀ ਮੁਕਤਸਰ ਸਾਹਿਬ(ਗੁਰਸੇਵਕ ਸਿੰਘ ਪ੍ਰੀਤ): ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਸੋਚ ਆਪਣੇ ਪਰਿਵਾਰ ਤੱਕ ਸੀਮਤ ਹੈ। ਉਨ੍ਹਾਂ ਕਿਹਾ ਕਿ ਵੜਿੰਗ ਨੇ ਗਿੱਦੜਬਾਹਾ ਤੋਂ ਕਿਸੇ ਪੁਰਾਣੇ ਤੇ ਮਿਹਨਤੀ ਵਰਕਰ ਨੂੰ ਟਿਕਟ ਦੇਣ ਦੀ ਥਾਂ ਆਪਣੀ ਪਤਨੀ ਨੂੰ ਹੀ ਟਿਕਟ ਦੇ ਦਿੱਤੀ। ਜੇ ਭਵਿੱਖ ਵਿਚ ਵਾਰੀ ਆਉਂਦੀ ਹੈ ਤਾਂ ਅੱਗੇ ਉਨ੍ਹਾਂ ਦੇ ਬੱਚੇ ਤਿਆਰ ਹੋ ਰਹੇ ਹਨ। ਕੇਂਦਰੀ ਮੰੰਤਰੀ ਨੇ ਕਿਹਾ ਕਿ ਉਨ੍ਹਾਂ(ਬਿੱਟੂ) ਦਾ ਵੀ ਪਾਰਟੀ ਛੱਡਣ ਦਾ ਇਹੀ ਕਾਰਨ ਸੀ ਕਿ ਜਦੋਂ ਰਾਹੁਲ ਗਾਂਧੀ ਨੇ ਆਪਣੀ ਸੀਟ ਛੱਡੀ ਤਾਂ ਉਨ੍ਹਾਂ ਨੇ ਫਿਰ ਪ੍ਰਿਯੰਕਾ ਨੂੰ ਅੱਗੇ ਲੈ ਆਂਦਾ। ਉਨ੍ਹਾਂ ਅਸਿੱਧੇ ਤੌਰ ’ਤੇ ਸੋਨੀਆ ਗਾਂਧੀ ਤੇ ਰੌਬਰਟ ਵਾਡਰਾ ਦਾ ਨਾਂ ਵੀ ਲਿਆ।
ਭਾਜਪਾ ਨੂੰ ਜਾਂਚ ਤੋਂ ਕੌਣ ਰੋਕ ਰਿਹੈ: ਪੰਧੇਰ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ, ‘‘ਮੈਂ ਰਵਨੀਤ ਬਿੱਟੂ ਨੂੰ ਪੁੱਛਦਾ ਹਾਂ ਕਿ ਭਾਜਪਾ ਪਿਛਲੇ 11 ਸਾਲਾਂ ਤੋਂ ਕੇਂਦਰ ਦੀ ਸੱਤਾ ਵਿਚ ਹੈ, ਉਨ੍ਹਾਂ ਨੂੰ ਜਾਂਚ ਤੋਂ ਕੌਣ ਰੋਕ ਰਿਹੈ। ਅਸੀਂ ਡਰਦੇ ਨਹੀਂ ਹਾਂ ਤੇ ਕਿਸਾਨ ਭਾਈਚਾਰੇ ਦੇ ਹੱਕ ਵਿਚ ਲੜਾਈ ਜਾਰੀ ਰੱਖਾਂਗੇ। ਭਾਜਪਾ ਜ਼ਿਮਨੀ ਚੋਣਾਂ ਤੋਂ ਪਹਿਲਾਂ ਵੀ ਜਾਂਚ ਕਰਵਾ ਸਕਦੀ ਹੈ।’’ ਕਿਸਾਨ ਆਗੂ ਨੇ ਕਿਹਾ ਕਿ ਸੂਬੇ ਵਿਚ ਡੀਏਪੀ ਦੀ ਵੱਡੀ ਕਿੱਲਤ ਹੈ ਤੇ ਚੌਲ ਅਜੇ ਤੱਕ ਮਿੱਲਾਂ ਵਿਚੋਂ ਨਹੀਂ ਚੁੱਕੇ ਗਏ। ਪੰਧੇਰ ਨੇ ਕਿਹਾ, ‘‘ਭਾਜਪਾ ਚਹੁੰ-ਪਾਸਿਓਂ ਘਿਰ ਗਈ ਹੈ। ਬਿੱਟੂ ਜਦੋਂ ਕਾਂਗਰਸ ਵਿਚ ਸੀ ਤਾਂ ਕਿਸਾਨਾਂ ਦੇ ਹੱਕ ਵਿਚ ਬੋਲਦੇ ਸਨ, ਪਰ ਹੁਣ ਉਹ ਸਾਨੂੰ ਨਿਸ਼ਾਨਾ ਬਣਾ ਰਹੇ ਹਨ। ਇਹ ਅਸਲ ਵਿਚ ਨਾਗਪੁਰ (ਆਰਐੱਸਐੱਸ ਹੈੱਡਕੁਆਰਟਰ) ਤੋਂ ਮਿਲੀ ਸਿਖਲਾਈ ਦਾ ਨਤੀਜਾ ਹੈ।’’