ਨਵੀਂ ਦਿੱਲੀ, 19 ਜੁਲਾਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕੋਵਿਡ-19 ਮੌਤਾਂ, ਜੀਡੀਪੀ ਅੰਕੜਿਆਂ ਤੇ ਸਰਹੱਦ ’ਤੇ ਚੀਨ ਦੇ ਹਮਲਾਵਰ ਰੁਖ਼ ਬਾਰੇ ‘ਸੰਸਥਾਗਤ ਝੂਠ’ ਬੋਲਣ ਦਾ ਦੋਸ਼ ਲਾਇਆ ਹੈ। ਕੋਵਿਡ-19 ਕਰਕੇ ਮੌਤਾਂ ਦੀ ਵਧਦੀ ਗਿਣਤੀ ਲਈ ਭਾਜਪਾ ਨੂੰ ਭੰਡਦਿਆਂ ਰਾਹੁਲ ਨੇ ਕਿਹਾ ਕਿ ਜਦੋਂ ਇਹ ‘ਭਰਮ’ ਟੁੱਟੇਗਾ ਤਾਂ ਭਾਰਤ ਨੂੰ ਇਸ ਦੀ ਕੀਮਤ ਤਾਰਨੀ ਹੋਵੇਗੀ। ਗਾਂਧੀ ਨੇ ਇਕ ਟਵੀਟ ’ਚ ਕਿਹਾ ਕਿ ‘ਕਰੋਨਾ ਨਾਲ ਮੌਤ ਹੋਵੇ, ਚੀਨ ਜਾਂ ਫਿਰ ਜੀਡੀਪੀ…ਭਾਜਪਾ ਨੇ ਝੂਠ ਨੂੰ ਸੰਸਥਾਗਤ ਕਰ ਦਿੱਤਾ ਹੈ। ਇਹ ਭਰਮ/ਵਹਿਮ ਜਲਦੀ ਹੀ ਟੁੱਟੇਗਾ ਤੇ ਭਾਰਤ ਨੂੰ ਇਸ ਦੀ ਕੀਮਤ ਤਾਰਨੀ ਹੋਵੇਗੀ।’ ਰਾਹੁਲ ਨੇ ਟਵੀਟ ਨਾਲ ਕਰੋਨਾਵਾਇਰਸ ਦੇ ਹਾਲਾਤ ਬਾਰੇ ਖ਼ਬਰ ਰਿਪੋਰਟ ਵੀ ਟੈਗ ਕੀਤੀ ਹੈ।
ਉਧਰ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਾਂਗਰਸ ਆਗੂ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਭਾਰਤ ਗਾਂਧੀਆਂ ਵੱਲੋਂ ਦਹਾਕਿਆਂ ਤੋਂ ਸਿਰਜੇ ਭਰਮ ਦੀ ਵੱਡੀ ਕੀਮਤ ਤਾਰਦਾ ਆ ਰਿਹਾ ਹੈ। ਸ਼ੇਖਾਵਤ ਨੇ ਇਕ ਟਵੀਟ ’ਚ ਕਿਹਾ, ‘ਭਾਰਤ ਦਹਾਕਿਆਂ ਤੋਂ ਗਾਂਧੀਆਂ ਵੱਲੋਂ ਸਿਰਜੇ ਭਰਮ ਦੀ ਵੱਡੀ ਕੀਮਤ ਤਾਰਦਾ ਆ ਰਿਹਾ ਹੈ। ਦੇਸ਼ ਲਈ ਮਾੜਾ ਸੋਚਣ ਵਾਲੇ ਤੋਂ ਘ੍ਰਿਣਾ ਆਉਂਦੀ ਹੈ। ਜਦੋਂ ਕਦੇ ਵੀ ਤੁਸੀਂ ਭਾਰਤੀਆਂ ਨਾਲ ਮਖੌਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਹਰ ਵਾਰੀ ਤੁਹਾਡੇ ਨੀਚ ਇਰਾਦੇ ਜੱਗ ਜ਼ਾਹਰ ਹੋ ਜਾਂਦੇ ਹਨ। ਪਰ ਹੁਣ ਹੋਰ ਨਹੀਂ।’ -ਪੀਟੀਆਈ