ਲਖਨਊ, 2 ਨਵੰਬਰ
ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਅੱਜ ਦਾਅਵਾ ਕੀਤਾ ਕਿ ਸੂਬੇ ਵਿਚਲੀ ਸੱਤਾਧਾਰੀ ਧਿਰ ਭਾਜਪਾ ਤੇ ਸਮਾਜਵਾਦੀ ਪਾਰਟੀ ਉੱਤਰ ਪ੍ਰਦੇਸ਼ ਦੀਆਂ ਆਗਾਮੀ ਜ਼ਿਮਨੀ ਚੋਣਾਂ ਆਪਸ ਵਿੱਚ ਰਲ ਕੇ ਲੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਬਸਪਾ ਸਾਰੀਆਂ ਸੀਟਾਂ ’ਤੇ ਚੋਣ ਮੈਦਾਨ ’ਚ ਦਾਖ਼ਲ ਹੋਈ ਹੈ ਉਦੋਂ ਤੋਂ ਭਾਜਪਾ-ਸਪਾ ਗੱਠਜੋੜ ਦੀ ਨੀਂਦ ਉੱਡੀ ਪਈ ਹੈ। ਸਾਬਕਾ ਮੁੱਖ ਮੰਤਰੀ ਨੇ ਦੋਵੇਂ ਪਾਰਟੀਆਂ ਵੱਲੋਂ ਦਿੱਤੇ ਜਾ ਰਹੇ ਨਾਅਰਿਆਂ ਜਿਵੇਂ ਕਿ ਭਾਜਪਾ ਦੇ ‘ਬਟੇਂਗੇ ਤੋ ਕਟੇਂਗੇ’ ਅਤੇ ਸਮਾਜਵਾਦੀ ਪਾਰਟੀ ਦੇ ‘ਜੁੜੇਂਗੇ ਤੋ ਜੀਤੇਂਗੇ’ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਨਾਅਰੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਘੜੇ ਗਏ ਹਨ। ਮਾਇਆਵਤੀ ਨੇ ਇੱਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਜਦੋਂ ਤੋਂ ਜ਼ਿਮਨੀ ਚੋਣਾਂ ਦਾ ਐਲਾਨ ਹੋਇਆ ਹੈ ਅਤੇ ਬਸਪਾ ਨੇ ਸਾਰੀਆਂ ਨੌਂ ਸੀਟਾਂ ’ਤੇ ਇਕੱਲੇ ਲੜਨ ਦਾ ਫੈਸਲਾ ਲਿਆ ਹੈ, ਉਦੋਂ ਤੋਂ ਹੀ ਭਾਜਪਾ-ਸਪਾ ਗੱਠਜੋੜ ਦੀ ਨੀਂਦ ਉੱਡੀ ਹੋਈ ਹੈ। ਕੁਝ ਕੁ ਜ਼ਿਮਨੀ ਚੋਣਾਂ ਨੂੰ ਛੱਡ ਕੇ ਬਸਪਾ ਵੱਲੋਂ ਇੱਥੇ ਜ਼ਿਮਨੀ ਚੋਣਾਂ ਨਹੀਂ ਲੜੀਆਂ ਜਾਂਦੀਆਂ ਹਨ।’’ -ਪੀਟੀਆਈ