ਲਾਤੂਰ, 13 ਨਵੰਬਰ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਤੇ ਆਰਐੱਸਐੱਸ ਦਾ ਆਜ਼ਾਦੀ ਦੇ ਸੰਘਰਸ਼ ਅਤੇ ਦੇਸ਼ ਦੀ ਏਕਤਾ ’ਚ ਕੋਈ ਯੋਗਦਾਨ ਨਹੀਂ ਹੈ। ਖੜਗੇ ਨੇ ਤਿੱਖਾ ਹਮਲਾ ਕਰਦਿਆਂ ਸੱਤਾਧਾਰੀ ਪਾਰਟੀ ਦੀ ‘‘ਬਟੇਂਗੇ ਤੋ ਕਟੇਂਗੇ’ ਅਤੇ ‘‘ਏਕ ਹੈਂ ਤੋਂ ਸੇਫ’’ ਦੇ ਨਾਅਰਿਆਂ ਲਈ ਆਲੋਚਨਾ ਕੀਤੀ ਅਤੇ ਇਨ੍ਹਾਂ ਨੂੰ ‘‘ਫੁੱਟ ਪਾਉਣ ਵਾਲੇ’’ ਨਾਅਰੇ ਕਰਾਰ ਦਿੱਤਾ।
ਮਹਰਾਸ਼ਟਰ ’ਚ 20 ਨਵੰਬਰ ਨੂੰ ਹੋਣ ਵਾਲੀਆਂ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਲਾਤੂਰ ’ਚ ਚੋਣ ਪ੍ਰਚਾਰ ਕਰਦਿਆਂ ਕਾਂਗਰਸ ਪ੍ਰਧਾਨ ਨੇ ਭਾਜਪਾ ਦੀ ਅਗਵਾਈ ਵਾਲੀ ਮਹਾਯੁਤੀ ਨੂੰ ‘ਚੋਰਾਂ ਦੀ ਸਰਕਾਰ ਕਰਾਰ’ ਦਿੱਤਾ ਅਤੇ ਚੋਣਾਂ ’ਚ ਉਸ ਨੂੰ ਹਰਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਿਆ, ਜਿਨ੍ਹਾਂ ਨੇ ਕਾਂਗਰਸੀ ਆਗੂਆਂ ਵੱਲੋਂ ਸੰਵਿਧਾਨ ਦੀ ਕਿਤਾਬ ਲਹਿਰਾਉਣ ’ਤੇ ਸਵਾਲ ਉਠਾਏ ਸਨ। ਉਨ੍ਹਾਂ ਆਖਿਆ ਕਿ ਮੋਦੀ ਨੂੰ ਆਪਣੀ ਕਾਰਗੁਜ਼ਾਰੀ ਤੇ ਕੰਮ ਦੀ ਵਿਚਾਰਧਾਰਾ ਬਾਰੇ ਬੋਲਣਾ ਚਾਹੀਦਾ ਹੈ ਅਤੇ ਝੂਠ ਫੈਲਾਉਣ ਤੋਂ ਬਚਣਾ ਚਾਹੀਦਾ ਹੈ।
ਖੜਗੇ ਨੇ ਕਿਹਾ ਕਿ ਜਾਤੀ ਜਨਗਣਨਾ ਜਿਸ ਦਾ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ’ਚ ਵਾਅਦਾ ਕੀਤਾ ਹੈ, ਦਾ ਉਦੇਸ਼ ਏਕਤਾ ਨੂੰ ਵਧਾਉਣਾ ਅਤੇ ਸਾਰੇ ਵਰਗਾਂ ਲਈ ਲਾਭ ਦੀ ਬਰਾਬਰ ਵੰਡ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ, ‘‘ਜਾਤੀ ਜਨਗਣਨਾ ਲੋਕਾਂ ’ਚ ਵੰਡੀਆਂ ਪਾਉਣ ਲਈ ਨਹੀਂ ਹੈ।’’ -ਪੀਟੀਆਈ
ਕਿਸਾਨ ਖ਼ੁਦਕੁਸ਼ੀ ਦੇ ਮੁੱਦੇ ’ਤੇ ਐੱਨਡੀਏ ਗੱਠਜੋੜ ਸਰਕਾਰ ਨੂੰ ਘੇਰਿਆ
ਰੈਲੀ ਨੂੰ ਸੰਬੋਧਨ ਕਰਦਿਆਂ ਮਲਿਕਾਰਜੁਨ ਖੜਗੇ ਨੇ ਮਹਾਰਾਸ਼ਟਰ ’ਚ ਕਿਸਾਨਾਂ ਦੀ ਖ਼ੁਦਕੁਸ਼ੀ ਤੋਂ ਲੈ ਕੇ ਧਨ ਦੇ ਏਕੀਕਰਨ ਵਰਗੇ ਮੁੱਦੇ ਚੁੱਕਦਿਆਂ ਐੱਨਡੀਏ ਗੱਠਜੋੜ ’ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਆਖਿਆ, ‘‘ਮਹਾਰਾਸ਼ਟਰ ’ਚ ਰੋਜ਼ਾਨਾ ਸੱਤ ਕਿਸਾਨ ਕਿਸਾਨ ਖ਼ੁਦਕੁਸ਼ੀ ਕਰਦੇ ਹਨ। ਭਾਰਤ ਦੀ 62 ਫ਼ੀਸਦ ਦੌਲਤ ਪੰਜ ਫ਼ੀਸਦ ਆਬਾਦੀ ਦੀਆਂ ਜ਼ਮੀਨਾਂ ’ਤੇ ਕੇਂਦਰਤ ਹੈ, ਜਦਕਿ 50 ਫ਼ੀਸਦ ਗਰੀਬਾਂ ਕੋਲ ਸਿਰਫ ਤਿੰਨ ਫ਼ੀਸਦ ਸੰਪਤੀ ਹੈ। ਇਹ ਨਰਿੰਦਰ ਮੋਦੀ, ਦੇਵੇਂਦਰ ਫੜਨਵੀਸ ਤੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਸਰਕਾਰ ਹੈ।’’