ਕੋਲਕਾਤਾ, 23 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਅੱਜ ਦੇ ਮਜ਼ਬੂਤ ਭਾਰਤ ਨੂੰ ਦੇਖ ਕੇ ਮਾਣ ਮਹਿਸੂਸ ਕਰਦੇ। ਅਸਲ ਕੰਟਰੋਲ ਰੇਖਾ ਤੋਂ ਕੰਟਰੋਲ ਰੇਖਾ ਤੱਕ ਭਾਰਤ ਨੂੰ ਆਪਣੇ ਨਕਸ਼ੇ-ਕਦਮਾਂ ਉਤੇ ਚੱਲਦਾ ਦੇਖ ਵੀ ਉਹ ਬਹੁਤ ਮਾਣ ਮਹਿਸੂਸ ਕਰਦੇ। ਸੁਭਾਸ਼ ਚੰਦਰ ਬੋਸ ਦੇ 125ਵੇਂ ਜਨਮ ਦਿਹਾੜੇ ਨੂੰ ‘ਪਰਾਕ੍ਰਮ ਦਿਵਸ’ ਵਜੋਂ ਮਨਾਉਂਦਿਆਂ ਮੋਦੀ ਨੇ ਵਿਕਟੋਰੀਆ ਯਾਦਗਾਰੀ ਹਾਲ ’ਚ ਕਿਹਾ ਕਿ ਨੇਤਾਜੀ ਨੇ ਮਜ਼ਬੂਤ ਭਾਰਤ ਦਾ ਸੁਪਨਾ ਦੇਖਿਆ ਸੀ ਜੋ ਹੁਣ ਪੂਰਾ ਹੋ ਰਿਹਾ ਹੈ। ਜਦ ਵੀ ਸਾਡੀ ਅਖੰਡਤਾ ਨੂੰ ਚੁਣੌਤੀ ਮਿਲਦੀ ਹੈ ਦੇਸ਼ ਮੂੰਹ-ਤੋੜ ਜਵਾਬ ਦਿੰਦਾ ਹੈ।
ਕੋਲਕਾਤਾ ਵਿਚ ਮੋਦੀ ਨੇ ਅੱਜ ਨੇਤਾਜੀ ਦੇ ਜੱਦੀ ਘਰ ਦਾ ਦੌਰਾ ਵੀ ਕੀਤਾ। ਉਨ੍ਹਾਂ ਇਸ ਮੌਕੇ ਬੋਸ ਨੂੰ ਸਮਰਪਿਤ ਡਾਕ ਟਿਕਟ ਤੇ ਸਿੱਕਾ ਵੀ ਜਾਰੀ ਕੀਤਾ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਵਿਚਾਲੇ ਨੇਤਾਜੀ ਦੇ ਵਿਰਾਸਤ ਨੂੰ ਆਪੋ-ਆਪਣਾ ਦੱਸਣ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਅੱਜ ਕੋਲਕਾਤਾ ਵਿਚ ਵਿਸ਼ਾਲ ਜਲੂਸ ਦੀ ਅਗਵਾਈ ਕੀਤੀ ਤੇ ਨੇਤਾਜੀ ਨੂੰ ਅਕੀਦਤ ਭੇਟ ਕੀਤੀ। ਭਾਜਪਾ ਨੇ ਦਿਨ ਨੂੰ ‘ਪਰਾਕ੍ਰਮ ਦਿਵਸ’ ਤੇ ਟੀਐਮਸੀ ਨੇ ‘ਦੇਸ਼ ਨਾਇਕ ਦਿਵਸ’ ਵਜੋਂ ਮਨਾਇਆ। -ਪੀਟੀਆਈ
ਕੋਵਿੰਦ, ਨਾਇਡੂ ਤੇ ਹੋਰਾਂ ਵੱਲੋਂ ਨੇਤਾਜੀ ਨੂੰ ਅਕੀਦਤ ਭੇਟ
ਨੇਤਾਜੀ ਸੁਭਾਸ਼ ਚੰਦਰ ਬੋਸ ਦੇ 125ਵੇਂ ਜਨਮ ਦਿਨ ਮੌਕੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਇਸ ਮੌਕੇ ਰਾਸ਼ਟਰਪਤੀ ਭਵਨ ਵਿਚ ਨੇਤਾਜੀ ਦੇ ਇਕ ਤਸਵੀਰ ਤੋਂ ਵੀ ਪਰਦਾ ਚੁੱਕਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਮੌਕੇ ਕਿਹਾ ਕਿ ਨੇਤਾਜੀ ਦੀ ਕ੍ਰਿਸ਼ਮਈ ਅਗਵਾਈ ਨੇ ਦੇਸ਼ ਦੇ ਨੌਜਵਾਨਾਂ ਨੂੰ ਇਕੱਠੇ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਬੋਸ ਦੇ ਜੀਵਨ ਤੋਂ ਪ੍ਰੇਰਣਾ ਲੈਣ। ਮਹਾਰਾਸ਼ਟਰ, ਪੰਜਾਬ ਤੇ ਹਰਿਆਣਾ ਦੇ ਆਗੂਆਂ ਨੇ ਵੀ ਨੇਤਾਜੀ ਨੂੰ ਸ਼ਰਧਾਂਜਲੀ ਦਿੱਤੀ।
ਨਾਅਰੇਬਾਜ਼ੀ ਤੋਂ ਮਮਤਾ ਨਾਰਾਜ਼
ਵਿਕਟੋਰੀਆ ਮੈਮੋਰੀਅਲ ’ਤੇ ਨੇਤਾਜੀ ਨੂੰ ਸਮਰਪਿਤ ਰੱਖੇ ਪ੍ਰੋਗਰਾਮ ਦੌਰਾਨ ਮੰਚ ਦੇ ਥੱਲੇ ਮੌਜੂਦ ਕੁਝ ਲੋਕਾਂ ਨੇ ‘ਜੈ ਸ੍ਰੀ ਰਾਮ’ ਅਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾਏ ਜਿਸ ਤੋਂ ਮੁੱਖ ਮੰਤਰੀ ਮਮਤਾ ਬੈਨਰਜੀ ਨਾਰਾਜ਼ ਹੋ ਗਈ ਤੇ ਭਾਸ਼ਣ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਨੂੰ ਸਮਾਗਮ ਉਤੇ ਬੁਲਾ ਕੇ ਉਸ ਦੀ ਬੇਇੱਜ਼ਤੀ ਕਰਨਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਵਾਰੋ-ਵਾਰੀ ਚਾਰ ਰਾਜਧਾਨੀਆਂ ਹੋਣੀਆਂ ਚਾਹੀਦੀਆਂ ਹਨ ਤੇ ਸੰਸਦੀ ਸੈਸ਼ਨ ਮੁਲਕ ਦੇ ਵੱਖ-ਵੱਖ ਹਿੱਸਿਆਂ ਵਿਚ ਹੋਣੇ ਚਾਹੀਦੇ ਹਨ। ਬੈਨਰਜੀ ਨੇ ਦੋਸ਼ ਲਾਇਆ ਕਿ ਰਾਸ਼ਟਰੀ ਗੀਤ ‘ਜਨ ਗਣ ਮਨ’ ਨੂੰ ਬਦਲਣ ਦੀ ‘ਖੇਡ’ ਵੀ ਖੇਡੀ ਜਾ ਰਹੀ ਹੈ।