ਨਵੀਂ ਦਿੱਲੀ, 12 ਅਗਸਤ
ਭਾਰਤੀ ਜਨਤਾ ਪਾਰਟੀ ਨੇ ਅੱਜ ਚੰਦਰਸ਼ੇਖਰ ਬਾਵਨਕੁਲੇ ਨੂੰ ਪਾਰਟੀ ਦੀ ਮਹਾਰਾਸ਼ਟਰ ਇਕਾਈ ਦਾ ਪ੍ਰਧਾਨ ਅਤੇ ਆਸ਼ੀਸ਼ ਸ਼ੈਲਾਰ ਨੂੰ ਮਹਾਨਗਰ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਮੁੰਬਈ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਬਾਵਨਕੁਲੇ ਜੋ ਕਿ ਹੋਰ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਹਨ, ਨੂੰ ਚੰਦਰਕਾਂਤ ਪਾਟਿਲ ਦੀ ਥਾਂ ਸੂਬਾ ਪ੍ਰਧਾਨ ਲਗਾਇਆ ਗਿਆ ਹੈ ਕਿਉਂਕਿ ਹਾਲ ਹੀ ਵਿੱਚ ਪਾਟਿਲ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ। ਉੱਧਰ, ਸ਼ੈਲਾਰ ਜੋ ਮਰਾਠਾ ਹਨ ਤੇ ਸਾਬਕਾ ਰਾਜ ਮੰਤਰੀ ਹਨ, ਨੂੰ ਮੰਗਲ ਪ੍ਰਭਾਤ ਲੋਧਾ ਦੀ ਜਗ੍ਹਾ ਮੁੰਬਈ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਹ ਨਿਯੁਕਤੀ ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਕੀਤੀ ਗਈ ਹੈ। ਬਾਵਨਕੁਲ ਦੀ ਸੂਬਾ ਪ੍ਰਧਾਨ ਵਜੋਂ ਨਿਯੁਕਤੀ ਨੂੰ 2024 ਦੀਆਂ ਲੋਕ ਸਭਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਹੋਰ ਪੱਛੜੀਆਂ ਸ਼੍ਰੇਣੀਆਂ ਦੀਆਂ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। -ਪੀਟੀਆਈ