ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਭਾਬੇਸ਼ ਕਲੀਤਾ ਤੇ ਸ਼ਾਰਦਾ ਦੇਵੀ ਨੂੰ ਕ੍ਰਮਵਾਰ ਪਾਰਟੀ ਦੀਆਂ ਅਸਾਮ ਤੇ ਮਣੀਪੁਰ ਇਕਾਈਆਂ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਦੇ ਜਨਰਲ ਸਕੱਤਰ ਅਰੁਨ ਸਿੰਘ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਹ ਨਿਯੁਕਤੀਆਂ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਵੱਲੋਂ ਕੀਤੀਆਂ ਗਈਆਂ ਹਨ ਅਤੇ ਇਹ ਤੁਰੰਤ ਪ੍ਰਭਾਵੀ ਹੋਣਗੀਆਂ। ਕਲੀਤਾ ਜੋ ਕਿ ਅਸਾਮ ਵਿਧਾਨ ਸਭਾ ਵਿਚ ਮੌਜੂਦਾ ਵਿਧਾਇਕ ਹਨ, ਨੂੰ ਰਣਜੀਤ ਕੁਮਾਰ ਦਾਸ ਦੀ ਥਾਂ ਅਸਾਮ ਇਕਾਈ ਦਾ ਪ੍ਰਧਾਨ ਥਾਪਿਆ ਗਿਆ ਹੈ ਕਿਉਂਕਿ ਸ੍ਰੀ ਦਾਸ ਹਿਮੰਤਾ ਬਿਸਵਾ ਸਰਮਾ ਦੀ ਅਗਵਾਈ ਵਾਲੀ ਨਵੀਂ ਰਾਜ ਸਰਕਾਰ ਵਿਚ ਮੰਤਰੀ ਬਣ ਗਏ ਹਨ। ਪਾਰਟੀ ਨੇ ਮਣੀਪੁਰ ਇਕਾਈ ਦਾ ਵੀ ਨਵਾਂ ਪ੍ਰਧਾਨ ਥਾਪਿਆ ਹੈ। ਇੱਥੇ ਸਾਬਕਾ ਪ੍ਰਧਾਨ ਸਾਈਖੋਮ ਟਿਕੇਂਦਰ ਸਿੰਘ ਦੀ ਪਿਛਲੇ ਮਹੀਨੇ ਕਰੋਨਾ ਕਾਰਨ ਮੌਤ ਹੋਣ ਕਰ ਕੇ ਹੁਣ ਸ਼ਾਰਦਾ ਦੇਵੀ ਨੂੰ ਸੂਬਾ ਇਕਾਈ ਦਾ ਪ੍ਰਧਾਨ ਥਾਪਿਆ ਗਿਆ ਹੈ। -ਪੀਟੀਆਈ