ਨਵੀਂ ਦਿੱਲੀ, 10 ਮਈ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਲਖੀਮਪੁਰ ਖੀਰੀ ਕਾਂਡ ਦਾ ਸਭ ਤੋਂ ਅਹਿਮ ਪੱਖ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦਾ ਧਮਕੀ ਭਰਿਆ ਭਾਸ਼ਣ ਸੀ ਅਤੇ ਭਾਜਪਾ ਸਰਕਾਰ ਨੇ ਇਸ ਮਾਮਲੇ ’ਚ ਕਿਸਾਨਾਂ ਨਾਲ ਖੜ੍ਹਨ ਦੀ ਥਾਂ ਆਪਣੇ ਆਗੂ ਦਾ ਸਾਥ ਦਿੱਤਾ। ਅਲਾਹਾਬਾਦ ਹਾਈ ਕੋਰਟ ਦੀ ਟਿੱਪਣੀ ਮਗਰੋਂ ਕਾਂਗਰਸ ਆਗੂ ਦਾ ਇਹ ਬਿਆਨ ਸਾਹਮਣੇ ਆਇਆ ਹੈ।
ਹਾਈ ਕੋਰਟ ਨੇ ਕਿਹਾ ਸੀ ਕਿ ਉੱਚੇ ਅਹੁਦਿਆਂ ’ਤੇ ਬੈਠੇ ਸਿਆਸੀ ਆਗੂਆਂ ਨੂੰ ਗ਼ੈਰਜ਼ਿੰਮੇਵਾਰੀ ਵਾਲੇ ਬਿਆਨ ਨਹੀਂ ਦੇਣੇ ਚਾਹੀਦੇ ਅਤੇ ਉਨ੍ਹਾਂ ਨੂੰ ਆਪਣੇ ਅਹੁਦੇ ਤੇ ਦਫਤਰ ਦੀ ਮਰਿਆਦਾ ਬਣਾ ਕੇ ਰੱਖਣੀ ਚਾਹੀਦੀ ਹੈ। ਹਾਈ ਕੋਰਟ ਨੇ ਬੀਤੇ ਦਿਨ ਲਖੀਮਪੁਰ ਖੀਰੀ ਹਿੰਸਾ ਕੇਸ ਦੇ ਚਾਰ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਰੱਦ ਕਰਦਿਆਂ ਇਹ ਟਿੱਪਣੀ ਕੀਤੀ ਸੀ। ਅਦਾਲਤ ਨੇ ਵਿਸ਼ੇਸ਼ ਜਾਂਚ ਟੀਮ ਵੱਲੋਂ ਪੇਸ਼ ਕੀਤੀ ਚਾਰਜਸ਼ੀਟ ਦੇ ਆਧਾਰ ’ਤੇ ਕਿਹਾ ਸੀ ਕਿ ਜੇਕਰ ਘਟਨਾ ਤੋਂ ਕੁਝ ਦਿਨ ਪਹਿਲਾਂ ਕੇਂਦਰੀ ਮੰਤਰੀ ਕਿਸਾਨਾਂ ਖ਼ਿਲਾਫ਼ ਭਾਸ਼ਣ ਨਾ ਦਿੰਦੇ ਤਾਂ ਇਹ ਹਿੰਸਕ ਘਟਨਾ ਨਾ ਵਾਪਰਦੀ। ਅਦਾਲਤ ਦੀ ਟਿੱਪਣੀ ਬਾਰੇ ਮੀਡੀਆ ਰਿਪੋਰਟ ਸਾਂਝੀ ਕਰਦਿਆਂ ਪ੍ਰਿਯੰਕਾ ਨੇ ਟਵੀਟ ਕੀਤਾ, ‘ਲਖੀਮਪੁਰੀ ਖੀਰੀ ਹਿੰਸਾ ਦਾ ਅਹਿਮ ਪੱਖ ਗ੍ਰਹਿ ਰਾਜ ਮੰਤਰੀ ਦਾ ਕਿਸਾਨਾਂ ਲਈ ਧਮਕੀ ਭਰਿਆ ਭਾਸ਼ਣ ਸੀ। ਕਿਸਾਨਾਂ ਦੇ ਹੱਕ ’ਚ ਖੜ੍ਹਨ ਦੀ ਥਾਂ ਭਾਜਪਾ ਸਰਕਾਰ ਨੇ ਆਪਣੇ ਮੰਤਰੀ ਦੀ ਹਮਾਇਤ ਕੀਤੀ।’ -ਪੀਟੀਆਈ