ਨਵੀਂ ਦਿੱਲੀ, 28 ਦਸੰਬਰ
ਕਾਂਗਰਸੀ ਆਗੂ ਸੈਮ ਪਿਤਰੋਦਾ ਨੇ ਅੱਜ ਕਿਹਾ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮ) ਨਾਲ ਸਬੰਧਤ ਮੁੱਦੇ ਜੇਕਰ ਅਗਲੇ ਵਰ੍ਹੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁਲਝਾਏ ਨਾ ਗਏ ਤਾਂ ਭਾਜਪਾ ਇਨ੍ਹਾਂ ਚੋਣਾਂ ਵਿੱਚ 400 ਤੋਂ ਵਧ ਸੀਟਾਂ ਜਿੱਤ ਸਕਦੀ ਹੈ। ਉਨ੍ਹਾਂ ਨੇ ਖਬਰ ਏਜੰਸੀ ‘ਪੀਟੀਆਈ’ ਨੂੰ ਦਿੱਤੀ ਵੀਡੀਓ ਇੰਟਰਵਿਊ ’ਚ ਕਿਹਾ ਕਿ ਇਹ ਚੋਣਾਂ ਦੇਸ਼ ਦੀ ਕਿਸਮਤ ਦਾ ਫੈਸਲਾ ਕਰਨਗੀਆਂ।
ਕਾਬਿਲੇਗੌਰ ਹੈ ਕਿ ਈਵੀਐਮਜ਼ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਤੌਖਲਿਆਂ ਨੂੰ ਹਮੇਸ਼ਾ ਖਾਰਜ ਕੀਤਾ ਜਾਂਦਾ ਰਿਹਾ ਹੈ ਪਰ ਕਾਂਗਰਸ ਸਣੇ ਕਈ ਵਿਰੋਧੀ ਪਾਰਟੀਆਂ ਦੇ ਆਗੂ ਇਨ੍ਹਾਂ ਮਸ਼ੀਨਾਂ ਨਾਲ ਛੇੜਛਾੜ ਦਾ ਦੋਸ਼ ਲਾਉਂਦੇ ਰਹੇ ਹਨ। ਇਸੇ ਦੌਰਾਨ ਕਾਂਗਰਸ ਪਾਰਟੀ ਨਾਲ ਸਬੰਧਤ ਕਈ ਲੋਕਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਇਨ੍ਹਾਂ ਮਸ਼ੀਨਾਂ ’ਤੇ ਭਰੋਸਾ ਕਰਦੇ ਹਨ। ਇਨ੍ਹਾਂ ਵਿੱਚੋਂ ਕੁਝ ਆਗੂਆਂ ਨੇ ਬਿਆਨ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਕੁਝ ਸੂਬਿਆਂ ’ਚ ਹੋਈ ਹਾਰ ਤੋਂ ਬਾਅਦ ਦਿੱਤੇ ਗਏ ਹਨ। ਇਸੇ ਦੌਰਾਨ ਕਾਂਗਰਸ ਤੇ ਹੋਰ ਵਿਰੋਧੀ ਦਲ ਸੌ ਫੀਸਦ ‘ਵੋਟਰ ਵੇਰੀਫਿਏਬਲ ਪੇਪਰ ਆਡਿਟ ਟਰੇਲ (ਵੀਵੀਪੀਏਟੀ) ਦੀ ਮੰਗ ਕਰਦੇ ਰਹੇ ਹਨ ਅਤੇ ਇਹ ਵੀ ਸੁਝਾਅ ਦਿੰਦੇ ਰਹੇ ਹਨ ਕਿ ਪਰਚੀਆਂ ਡੱਬੇ ਵਿੱਚ ਰੱਖਣ ਦੀ ਥਾਂ ਵੋਟਰਾਂ ਨੂੰ ਦਿੱਤੀਆਂ ਜਾਣ।
ਕਾਂਗਰਸੀ ਆਗੂ ਪਿਤਰੋਦਾ ਨੇ ਇਹ ਵੀ ਕਿਹਾ ਕਿ ਅਯੁੱਧਿਆ ਵਿੱਚ ਰਾਮ ਮੰਦਰ ਨੂੰ ਲੈ ਕੇ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਧਰਮ ਇਕ ਵਿਅਕਤੀਗਤ ਮਾਮਲਾ ਹੈ ਜਿਸ ਨੂੰ ਰਾਜਨੀਤੀ ਨਾਲ ਨਹੀਂ ਜੋੜਨਾ ਚਾਹੀਦਾ। ਕਾਬਿਲੇਗੌਰ ਹੈ ਕਿ ਅਜਿਹੀਆਂ ਖਬਰਾਂ ਨਸ਼ਰ ਹੋਈਆਂ ਹਨ ਜਿਸ ਵਿੱਚ ਸੈਮ ਪਿਤਰੋਦਾ ਨੇ ਕਿਹਾ ਸੀ ਕਿ ਪੂਰਾ ਦੇਸ਼ ਰਾਮ ਮੰਦਰ ’ਤੇ ਅਟਕਿਆ ਹੋਇਆ ਹੈ। ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਦੀ ਅਗਾਮੀ ‘ਭਾਰਤ ਨਿਆਏ ਯਾਤਰਾ’ ਬਾਰੇ ਉਨ੍ਹਾਂ ਕਿਹਾ,‘‘ਅਗਲੀਆਂ ਲੋਕ ਸਭਾ ਚੋਣਾਂ ਦੇਸ਼ ਦੇ ਭਵਿੱਖ ਨੂੰ ਤੈਅ ਕਰਨਗੀਆਂ ਜਿਥੋਂ ਪਤਾ ਲੱਗੇਗਾ ਕਿ ਅਸੀ ਕਿਸ ਤਰ੍ਹਾਂ ਦਾ ਦੇਸ਼ ਬਣਾਉਣਾ ਚਾਹੁੰਦੇ ਹਾਂ। ਉਨ੍ਹਾਂ ਪੁੱਛਿਆ, ‘‘ਕੀ ਤੁਸੀ ਅਜਿਹਾ ਦੇਸ਼ ਬਣਾਉਣਾ ਚਾਹੁੰਦੇ ਹੋ ਜਿਸ ਬਾਰੇ ਸੰਵਿਧਾਨ ’ਚ ਜ਼ਿਕਰ ਕੀਤਾ ਗਿਆ ਹੈ, ਜਿਥੇ ਹਰ ਧਰਮ ਦਾ ਸਨਮਾਨ ਹੋਵੇ, ਸਾਰੀਆਂ ਸੰਸਥਾਵਾਂ ਖੁਦਮੁਖਤਿਆਰ ਹੋਣ, ਜੋ ਇਕ ਸਭਿਅਕ ਸਮਾਜ ਨੂੰ ਕੰਮ ਕਰਨ ਦੇਵੇ ਜਾਂ ਇਕ ਅਜਿਹੇ ਦੇਸ਼ ਦੀ ਉਸਾਰਨਾ ਚਾਹੁੰਦੇ ਹੋ ਜੋ ਇਕ ਧਰਮ ’ਤੇ ਆਧਾਰਿਤ ਹੋਵੇ।’’
ਈਵੀਐਮਜ਼ ਬਾਰੇ ਚਿੰਤਾ ਜਤਾਉਂਦੇ ਹੋਏ ਸੈਮ ਪਿਤਰੋਦਾ ਨੇ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਮਦਨ ਬੀ ਲੋਕੁਰ ਦੀ ਅਗਵਾਈ ਹੇਠਲੀ ਗੈਰਸਰਕਾਰੀ ਸੰਸਥਾ ‘ਦਿ ਸਿਟੀਜ਼ਨਜ਼ ਕਮਿਸ਼ਨ ਆਨ ਇਲੈਕਸ਼ਨਜ਼’ ਦੀ ਇਕ ਰਿਪੋਰਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਰਿਪੋਰਟ ਦੀ ਮੁੱਖ ਸਿਫਾਰਿਸ਼ ਇਹ ਹੈ ਕਿ ਵੀਵੀਪੀਏਟੀ ਪ੍ਰਣਾਲੀ ਦੇ ਮੌਜੂਦਾ ਡਿਜ਼ਾਈਨ ਨੂੰ ਬਦਲਿਆ ਜਾਵੇ ਤੇ ਇਸ ਨੂੰ ‘ਵੋਟਰ ਵੈਰੀਫਾਈਡ’ ਬਣਾਇਆ ਜਾਵੇ। ਉਨ੍ਹਾਂ ਕਿਹਾ, ‘‘ਮੈਂ ਉਡੀਕ ਕੀਤੀ ਕਿ ਇਸ ਬਾਰੇ ਚੋਣ ਕਮਿਸ਼ਨ ਕੋਈ ਜਵਾਬ ਦੇਵੇਗਾ ਪਰ ਅਜਿਹਾ ਨਹੀਂ ਹੋਇਆ ਜਿਸ ਕਾਰਨ ਉਨ੍ਹਾਂ ਨੇ ਬੋਲਣ ਦਾ ਫੈਸਲਾ ਲਿਆ।’’ ਕਾਂਗਰਸੀ ਆਗੂ ਨੇ ਕਿਹਾ ਕਿ ਲੋਕਤੰਤਰ ਪਟੜੀ ਤੋਂ ਉਤਰ ਗਿਆ ਹੈ ਅਤੇ ਪੂਰੀ ਖੇਡ ਇਕ ਆਦਮੀ ਦੇ ਹੱਥ ਵਿੱਚ ਆ ਗਈ ਹੈ।
ਅਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਵੱਲੋਂ 400 ਸੀਟਾਂ ਜਿੱਤਣ ਦੇ ਕੀਤੇ ਜਾ ਰਹੇ ਦਾਅਵੇ ਬਾਰੇ ਉਨ੍ਹਾਂ ਕਿਹਾ, ‘‘ਜੇਕਰ ਉਹ ਅਜਿਹਾ ਕਰ ਸਕਦੇ ਹਨ ਤਾਂ ਚੰਗੀ ਗੱਲ ਹੈ। ਅਸਲ ਵਿੱਚ ਇਹ ਫੈਸਲਾ ਤਾਂ ਦੇਸ਼ ਨੇ ਕਰਨਾ ਹੈ। ਆਮ ਚੋਣਾਂ ਤੋਂ ਪਹਿਲਾਂ ਈਵੀਐੱਮਜ਼ ਨੂੰ ਦਰੁਸਤ ਕਰਨਾ ਜ਼ਰੂਰੀ ਹੈ। ਜੇਕਰ ਅਜਿਹਾ ਨਾ ਹੋਇਆ ਤਾਂ 400 ਦਾ ਅੰਕੜਾ ਸੱਚ ਹੋ ਸਕਦਾ ਹੈ।’’
ਕਾਂਗਰਸ ਦੀ ਸ਼ਮੂਲੀਅਤ ਵਾਲੇ ਵਿਰੋਧੀ ਧਿਰ ’ਇੰਡੀਆ’ ਗੱਠਜੋੜ ਵੱਲੋਂ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਚਿਹਰੇ ਵਜੋਂ ਪੇਸ਼ ਨਾ ਕੀਤੇ ਜਾਣ ’ਤੇ ਪਿਤਰੋਦਾ ਨੇ ਕਿਹਾ, ‘‘ਇੰਡੀਆ ਗੱਠਜੋੜ ਕਿਸੇ ਨੂੰ ਵੀ ਪ੍ਰਧਾਨ ਮੰਤਰੀ ਅਹੁਦੇ ਲਈ ਦਾਅਵੇਦਾਰ ਵਜੋਂ ਪੇਸ਼ ਨਹੀਂ ਕਰ ਸਕਦਾ। ਗੱਠਜੋੜ ਨੇ ਸਮੂਹਿਕ ਰੂਪ ਵਿੱਚ ਫੈਸਲਾ ਲਿਆ ਹੈ ਕਿ ਉਹ ਕਿਸੇ ਨੂੰ ਵੀ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਨਹੀਂ ਕਰੇਗਾ। ਸਿਰਫ ਦੋ ਲੋਕਾਂ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਨਾਂ ਨੂੰ ਅੱਗੇ ਵਧਾਇਆ ਹੈ। ‘ਇੰਡੀਆ’ ਗੱਠਜੋੜ ਦੀ 19 ਦਸੰਬਰ ਨੂੰ ਹੋਈ ਮੀਟਿੰਗ ਵਿੱਚ ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਦੇ ਚਿਹਰੇ ਲਈ ਖੜਗੇ ਦੇ ਨਾਂ ਦੀ ਵਕਾਲਤ ਕੀਤੀ ਸੀ। -ਪੀਟੀਆਈ