ਨਵੀਂ ਦਿੱਲੀ: ਅਗਲੇ ਸਾਲ ਦੀ ਸ਼ੁਰੂਆਤ ’ਚ ਉੱਤਰ ਪ੍ਰਦੇਸ਼ ਤੇ ਪੰਜਾਬ ਸਮੇਤ ਪੰਜ ਰਾਜਾਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਕੇਂਦਰੀ ਮੰਤਰੀਆਂ ਸਮੇਤ ਭਾਜਪਾ ਦੇ ਸੀਨੀਅਰ ਆਗੂਆਂ ਨੇ ਮੀਟਿੰਗ ਕਰਕੇ ਇਨ੍ਹਾਂ ਸੂਬਿਆਂ ਵਿਚਲੇ ਸਿਆਸੀ ਹਾਲਾਤ ਬਾਰੇ ਚਰਚਾ ਕੀਤੀ। ਮੀਟਿੰਗ ’ਚ ਪਾਰਟੀ ਪ੍ਰਧਾਨ ਜੇਪੀ ਨੱਢਾ, ਕੇਂਦਰੀ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ, ਨਿਰਮਲਾ ਸੀਤਾਰਾਮਨ, ਨਰੇਂਦਰ ਸਿੰਘ ਤੋਮਰ, ਸਮ੍ਰਿਤੀ ਇਰਾਨੀ ਅਤੇ ਕਿਰਨ ਰਿਜਿਜੂ ਹਾਜ਼ਰ ਸਨ। ਮੀਟਿੰਗ ਤੋਂ ਬਾਅਦ ਭਾਜਪਾ ਦੇ ਇੱਕ ਆਗੂ ਨੇ ਕਿਹਾ, ‘ਮੀਟਿੰਗ ਦਾ ਮੁੱਖ ਮੁੱਦਾ ਪੰਜ ਰਾਜਾਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸੀ।’ ਅਗਲੇ ਸਾਲ ਫਰਵਰੀ-ਮਾਰਚ ’ਚ ਉੱਤਰ ਪ੍ਰਦੇਸ਼ ਤੇ ਪੰਜਾਬ ਤੋਂ ਇਲਾਵਾ ਉੱਤਰਾਖੰਡ, ਮਨੀਪੁਰ ਤੇ ਗੋਆ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ’ਚ ਪੰਜਾਬ ਨੂੰ ਛੱਡ ਕੇ ਸਾਰੇ ਰਾਜਾਂ ’ਚ ਫਿਲਹਾਲ ਭਾਜਪਾ ਦੀਆਂ ਸਰਕਾਰਾਂ ਹਨ। ਉੱਤਰ ਪ੍ਰਦੇਸ਼ ਭਾਜਪਾ ਲਈ ਅਹਿਮ ਰਾਜ ਹੈ ਕਿਉਂਕਿ ਇਸ ਬਾਰੇ ਕਿਹਾ ਜਾਂਦਾ ਹੈ ਕਿ ਕੇਂਦਰ ਦੀ ਸੱਤਾ ਦਾ ਰਾਹ ਇਸੇ ਸੂਬੇ ’ਚੋਂ ਹੋ ਕੇ ਲੰਘਦਾ ਹੈ। 2014 ਦੀਆਂ ਲੋਕ ਸਭਾ ਚੋਣਾਂ ’ਚ ਜਿੱਤ ਤੋਂ ਬਾਅਦ ਭਾਜਪਾ ਉੱਤਰ ਪ੍ਰਦੇਸ਼ ’ਚ ਇੱਕ ਮਜ਼ਬੂਤ ਤਾਕਤ ਵਜੋਂ ਉੱਭਰੀ ਸੀ। ਭਾਜਪਾ ਦੇ ਆਗੂਆਂ ਨੇ ਮੀਟਿੰਗ ਦੌਰਾਨ ਚੋਣ ਆਧਾਰਿਤ ਸੂਬਿਆਂ ’ਚ ਸਿਆਸੀ ਤੇ ਪ੍ਰਸ਼ਾਸਕੀ ਹਾਲਾਤ ਬਾਰੇ ਚਰਚਾ ਕੀਤੀ ਹੈ। ਮੀਟਿੰਗ ’ਚ ਕੇਂਦਰੀ ਮੰਤਰੀ ਪਿਊਸ਼ ਗੋਇਲ, ਧਰਮੇਂਦਰ ਪ੍ਰਧਾਨ, ਪ੍ਰਹਲਾਦ ਜੋਸ਼ੀ, ਮਨਸੁਖ ਮਾਂਡਵੀਆ, ਹਰਦੀਪ ਪੁਰੀ ਤੋਂ ਇਲਾਵਾ ਭਾਜਪਾ ਦੇ ਜਰਨਰ ਸਕੱਤਰ ਭੁਪੇਂਦਰ ਯਾਦਵ, ਮੀਤ ਪ੍ਰਧਾਨ ਬੈਜਯੰਤ ਜਯ ਪਾਂਡਾ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਪਾਰਟੀ ਦੇ ਆਗੂਆਂ ਨੇ ਚੋਣ ਆਧਾਰਿਤ ਸੂਬਿਆਂ ’ਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਵੀ ਕੀਤੀ ਅਤੇ ਵੱਖ ਵੱਖ ਮੰਤਰਾਲਿਆਂ ਤੇ ਪਾਰਟੀ ਨਾਲ ਤਾਲਮੇਲ ਬਣਾਉਣ ’ਤੇ ਜ਼ੋਰ ਦਿੱਤਾ। -ਪੀਟੀਆਈ