ਨਵੀਂ ਦਿੱਲੀ, 20 ਨਵੰਬਰ
ਕੇਂਦਰ ਸਰਕਾਰ ਨੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸੇ ਦੌਰਾਨ ਕਾਂਗਰਸ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਪਹਿਲਾਂ ਵੀ ਆਪਣੀਆਂ ਕਈ ਨੀਤੀਆਂ ਦੇ ਫਾਇਦੇ ਸਮਝਾਉਣ ਵਿੱਚ ਨਾਕਾਮ ਰਹੀ ਹੈ ਤੇ ਇਸੇ ਤਰ੍ਹਾਂ ਸਰਕਾਰ ਖੇਤੀ ਕਾਨੂੰਨਾਂ ਦੇ ਫਾਇਦੇ ਵੀ ਕਿਸਾਨਾਂ ਨਹੀਂ ਸਮਝਾ ਸਕੀ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਤੇ ਜ਼ਮੀਨ ਮਾਲਕਾਂ ਨੂੰ ਜ਼ਮੀਨ ਗ੍ਰਹਿਣ ਨੀਤੀ ਦੇ ਫਾਇਦੇ ਨਹੀਂ ਦੱਸ ਸਕੇ ਅਤੇ ਅਰਥਸ਼ਾਸਤਰੀ ਨੋਟਬੰਦੀ ਦੇ ਫਾਇਦੇ ਦੇਸ਼ ਵਾਸੀਆਂ ਨੂੰ ਨਹੀਂ ਗਿਣਾ ਸਕੇ। ਇਸੇ ਤਰ੍ਹਾਂ ਵਪਾਰੀਆਂ ਤੇ ਦੁਕਾਨਦਾਰਾਂ ਨੂੰ ਸਰਕਾਰ ਜੀਐੱਸਟੀ ਦੇ ਫਾਇਦੇ ਨਹੀਂ ਸਮਝਾ ਸਕੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਘੱਟ ਗਿਣਤੀ ਵਰਗ ਨੂੰ ਸੀਏਏ ਦੇ ਫਾਇਦੇ ਵੀ ਸਰਕਾਰ ਨਹੀਂ ਦੱਸ ਸਕੀ। ਇਸੇ ਤਰ੍ਹਾਂ ਪੈਟਰੋਲ ਤੇ ਡੀਜ਼ਲ ਉੱਤੇ ਉਤਪਾਦਨ ਟੈਕਸ ਨੂੰ ਸਮਝਾਉਣ ਵਿੱਚ ਸਰਕਾਰ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਇਹ ਵੀ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਉਦਯੋਗਪਤੀਆਂ ਤੇ ਨਿਵੇਸ਼ਕਾਂ ਨੂੰ ‘ਮੇਕ ਇਨ ਇੰਡੀਆ’ ਦੇ ਲਾਭ ਵੀ ਨਹੀਂ ਦੱਸ ਸਕੀ ਹੈ। -ਪੀਟੀਆਈ