ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਜੂਨ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਸ਼ਮੀਰੀ ਪੰਡਿਤਾਂ ਨੂੰ ਸੁਰੱਖਿਆ ਦੇਣ ’ਚ ਨਾਕਾਮ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਇਸ ਮਸਲੇ ਨੂੰ ਲੈ ਕੇ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਤੇ ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ ਕਸ਼ਮੀਰੀ ਪੰਡਿਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅੱਗੇ ਦੀ ਕੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰੀ ਪੰਡਿਤਾਂ ਨੂੰ ਟਾਰਗੈੱਟ ਕਿਲਿੰਗਜ਼ ਜ਼ਰੀਏ ਵਾਦੀ ਛੱਡਣ ਲਈ ਮਜਬੂਰ ਕੀਤਾ ਜਾ ਰਿਹੈ। ਉਨ੍ਹਾਂ ਕਸ਼ਮੀਰ ਵਿੱਚ ਅਤਿਵਾਦੀ ਸਰਗਰਮੀਆਂ ਦੀ ਹਮਾਇਤ ਕਰਨ ਦਾ ਦੋਸ਼ ਲਗਾਉਂਦੇ ਹੋਏ ਪਾਕਿਸਤਾਨ ’ਤੇ ਵੀ ਨਿਸ਼ਾਨਾ ਸੇਧਿਆ। ਕੇਜਰੀਵਾਲ ਜੰਮੂ-ਕਸ਼ਮੀਰ ਵਿੱਚ ਟਾਰਗੈੱਟ ਕਿਲਿੰਗਜ਼ ਨੂੰ ਲੈ ਕੇ ਇਥੇ ਜੰਤਰ-ਮੰਤਰ ’ਤੇ ‘ਆਪ’ ਵੱਲੋਂ ਕੇਂਦਰ ਸਰਕਾਰ ਖਿਲਾਫ਼ ‘ਜਨ ਆਕ੍ਰੋਸ਼’ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਕੇਜਰੀਵਾਲ ਨੇ ਕਿਹਾ ਕਿ ਜੰਮੂ-ਕਸ਼ਮੀਰ ਪ੍ਰਸ਼ਾਸਨ ਕਸ਼ਮੀਰੀ ਪੰਡਿਤਾਂ ਨੂੰ ਵਾਦੀ ਵਿੱਚ ਹਾਲੀਆ ਟਾਰਗੈੱਟ ਕਿਲਿੰਗਜ਼ ਖਿਲਾਫ਼ ਰੋਸ ਪ੍ਰਦਰਸ਼ਨਾਂ ਦੀ ਕਥਿਤ ਇਜਾਜ਼ਤ ਨਹੀਂ ਦੇ ਰਿਹਾ। ਮੁੱਖ ਮੰਤਰੀ ਨੇ ਕਿਹਾ, ‘‘ਜਦੋਂ ਉਹ ਟਾਰਗੈੱਟ ਕਿਲਿੰਗਜ਼ ਖਿਲਾਫ਼ ਪ੍ਰਦਰਸ਼ਨ ਕਰਦੇ ਹਨ ਤਾਂ ਮੌਜੂਦਾ ਭਾਜਪਾ ਸਰਕਾਰ ਉਨ੍ਹਾਂ ਨੂੰ ਧਰਨੇ ਪ੍ਰਦਰਸ਼ਨਾਂ ਦੀ ਇਜਾਜ਼ਤ ਨਹੀਂ ਦਿੰਦੀ। ਜੇਕਰ ਸਰਕਾਰ ਦਾ ਇਹੀ ਰਵੱਈਆ ਰਿਹਾ ਤਾਂ ਲੋਕਾਂ ਦੀਆਂ ਦੁੱਖ ਤਕਲੀਫਾਂ ਦੁੱਗਣੀਆਂ ਹੋ ਜਾਣਗੀਆਂ।’’ ਵਾਦੀ ਵਿੱਚ ਨਿਸ਼ਾਨਾ ਬਣਾ ਕੇ ਕੀਤੀਆਂ ਜਾਣ ਵਾਲੀਆਂ ਹੱਤਿਆਵਾਂ ਬਾਰੇ ਬੋਲਦਿਆਂ ਕੇਜਰੀਵਾਲ ਨੇ ਕੇਂਦਰ ਸਰਕਾਰ ਅੱਗੇ ਚਾਰ ਨੁਕਤਿਆਂ ਅਧਾਰਿਤ ਮੰਗ ਰੱਖੀ। ਉਨ੍ਹਾਂ ਮੰਗ ਕੀਤੀ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਾਰਜ ਯੋਜਨਾ ਬਣਾਈ ਜਾਵੇ, ਕਸ਼ਮੀਰੀ ਪੰਡਿਤਾਂ ਨਾਲ ਕੀਤੇ ਕਰਾਰ(ਬਾਂਡ), ਜਿਸ ਤਹਿਤ ਉਹ ਕਸ਼ਮੀਰ ਤੋਂ ਬਾਹਰ ਕੰਮ ਨਹੀਂ ਕਰ ਸਕਦੇ, ਨੂੰ ਰੱਦ ਕੀਤਾ ਜਾਵੇ, ਕਸ਼ਮੀਰੀ ਪੰਡਿਤਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ ਤੇ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ।’’ ਉਨ੍ਹਾਂ ਕਿਹਾ ਕਿ ਕਸ਼ਮੀਰੀ ਪੰਡਿਤਾਂ ਨੂੰ ਆਪਣੇ ਘਰ ਛੱਡਣ ਲਈ ‘ਮਜਬੂਰ’ ਕੀਤਾ ਜਾ ਰਿਹੈ, ਜੋ 1990 ਦੇ ਦਹਾਕੇ ’ਚ ਵਾਪਰੀਆਂ ਘਟਨਾਵਾਂ ਦਾ ਦੁਹਰਾਓ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕਸ਼ਮੀਰ ਨੂੰ ਨਹੀਂ ਸੰਭਾਲ ਸਕਦੀ ਤੇ ਉਹ ਸਿਰਫ ਗੰਦੀ ਰਾਜਨੀਤੀ ਕਰਨਾ ਜਾਣਦੀ ਹੈ, ਪਰ ਕਸ਼ਮੀਰ ’ਤੇ ਰਾਜਨੀਤੀ ਨਾ ਕੀਤੀ ਜਾਵੇ। ਪਾਕਿਸਤਾਨ ਨੂੰ ਨਿਸ਼ਾਨੇ ’ਤੇ ਲੈਂਦਿਆਂ ਕੇਜਰੀਵਾਲ ਨੇ ਕਿਹਾ ਕਿ ਗੁਆਂਢੀ ਮੁਲਕ ਛੋਟੀਆਂ ਮੋਟੀਆਂ ਚਾਲਾਂ ਬੰਦ ਕਰੇ। ਉਨ੍ਹਾਂ ਕਿਹਾ ਕਿ ‘ਕਸ਼ਮੀਰ ਹਮੇਸ਼ਾ ਭਾਰਤ ਦਾ ਅਨਿੱਖੜਵਾ ਅੰਗ ਰਹੇਗਾ।’ ਆਪ ਦੇ ਸੰਸਦ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਸਾਰੇ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ‘ਦਿ ਕਸ਼ਮੀਰ ਫਾਈਲਜ਼’ ਦੇ ਨਾਂ ’ਤੇ ਮਗਰਮੱਛ ਦੇ ਹੰਝੂ ਵਹਾ ਰਹੇ ਸਨ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਸੀਆ ਨੇ ਕਿਹਾ ਕਿ ਦੇਸ਼ ਕਸ਼ਮੀਰੀ ਪੰਡਿਤਾਂ ਦੇ ਨਾਲ ਹੈ।