ਪੁਰਸੁਰ੍ਹਾ (ਪੱਛਮੀ ਬੰਗਾਲ), 25 ਜਨਵਰੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਭਾਜਪਾ ’ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਉਸ ਵੱਲੋਂ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਨਮ ਵਰ੍ਹੇਗੰਢ ਸਬੰਧੀ ਸਮਾਗਮ ਮੌਕੇ ‘ਜੈ ਸ੍ਰੀ ਰਾਮ’ ਦੇ ਨਾਅਰੇ ਲਾ ਕੇ ਨੇਤਾਜੀ ਦੀ ਤੌਹੀਨ ਕੀਤੀ ਗਈ ਹੈ।
ਭਾਜਪਾ ਨੂੰ ‘ਬਾਹਰੀ ਲੋਕਾਂ ਦਾ ਸਮੂਹ’ ਅਤੇ ‘ਭਾਰਤ ਜਲਾਓ ਪਾਰਟੀ’ ਗਰਦਾਨਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਲਗਾਤਾਰ ਬੰਗਾਲ ਦੀਆਂ ਉੱੱਘੀਆਂ ਸ਼ਖਸੀਅਤਾਂ ਦਾ ਨਿਰਾਦਰ ਕਰਦੀ ਆ ਰਹੀ ਹੈ, ਜਿਸ ਵਿੱਚ ਹੁਣ ਨੇਤਾਜੀ ਦਾ ਨਾਂ ਵੀ ਜੁੜ ਗਿਆ ਹੈ।
ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਇੱਥੇ ਇੱਕ ਰੈਲੀ ’ਚ ਕਿਹਾ, ‘ਕੀ ਤੁਸੀਂ ਕਿਸੇ ਨੂੰ ਆਪਣੇ ਘਰ ਸੱਦ ਕੇ ਉਸ ਦੀ ਬੇਇੱਜ਼ਤੀ ਕਰੋਗੇ? ਕੀ ਇਹ ਬੰਗਾਲ ਜਾਂ ਸਾਡੇ ਦੇਸ਼ ਦਾ ਸੱਭਿਆਚਾਰ ਹੈ? ਜੇਕਰ ਨੇਤਾਜੀ ਲਈ ਨਾਅਰੇ ਲਾਏ ਜਾਂਦੇ ਤਾਂ ਮੈਨੂੰ ਕੋਈ ਪ੍ਰੇਸ਼ਾਨੀ ਨਾ ਹੁੰਦੀ।’ ਉਨ੍ਹਾਂ ਕਿਹਾ, ‘ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਮੇਰਾ ਮਜ਼ਾਕ ਉਡਾਉਣ ਲਈ ਉਨ੍ਹਾਂ ਨਾਅਰੇ ਲਗਾਏ, ਜਿਸ ਦਾ ਸਮਾਗਮ ਨਾਲ ਕੋਈ ਸਬੰਧ ਨਹੀਂ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੇਰੀ ਤੌਹੀਨ ਕੀਤੀ ਹੈ। ਇਹ ਉਨ੍ਹਾਂ (ਭਾਜਪਾ) ਦਾ ਸੱਭਿਆਚਾਰ ਹੈ।’
ਦੂਜੇ ਪਾਸੇ ਭਾਜਪਾ ਦੇ ਉਪ ਪ੍ਰਧਾਨ ਜੈਪ੍ਰਕਾਸ਼ ਮਜੂਮਦਾਰ ਨੇ ਮਮਤਾ ਬੈਨਰਜੀ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਭਾਜਪਾ ਨੇ ਨਹੀਂ ਬਲਕਿ ਖ਼ੁਦ ਮਮਤਾ ਬੈਨਰਜੀ ਨੇ ਨੇਤਾਜੀ ਦਾ ਨਿਰਾਦਰ ਕੀਤਾ ਅਤੇ ਸਮਾਗਮ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕੀਤੀ। -ਪੀਟੀਆਈ
ਕਿਸੇ ਨੂੰ ਵੀ ਨਾਅਰਾ ਲਾਉਣ ਲਈ ਮਜਬੂਰ ਨਹੀਂ ਕਰ ਰਹੇ: ਯੋਗੀ ਆਦਿੱਤਿਆਨਾਥ
ਲਖਨਊ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਕਿਹਾ ਕਿ ਕਿਸੇ ਨੂੰ ਵੀ ‘ਜੈ ਸ੍ਰੀ ਰਾਮ’ ਕਹਿਣ ਲਈ ਮਜਬੂਰ ਨਹੀਂ ਕੀਤਾ ਜਾ ਰਿਹਾ ਅਤੇ ਇਸ ਤਰ੍ਹਾਂ ਦੇ ਨਾਅਰਿਆਂ ਤੋਂ ਬੁਰਾ ਮੰਨਣ ਵਾਲੀ ਕੋਈ ਗੱਲ ਨਹੀਂ ਹੈ ਕਿਉਂਕਿ ਇਹ ਤਾਂ ਸਵਾਗਤੀ ਸ਼ਬਦ ਹਨ। ਯੋਗੀ ਨੇ ਕਿਹਾ, ‘ਜੇਕਰ ਕੋਈ ਨਮਸਕਾਰ ਜਾਂ ਜੈ ਸ੍ਰੀ ਰਾਮ ਕਹਿੰਦਾ ਹੈ ਤਾਂ ਇਹ ਉਸ ਦੇ ਸੱਭਿਅਕ ਸਲੀਕੇ ਨੂੰ ਦਰਸਾਉਂਦਾ ਹੈ। ਅਸੀਂ ਕਿਸੇ ਨੂੰ ਕਿਸੇ ਵੀ ਜੈ ਸ੍ਰੀ ਰਾਮ ਕਹਿਣ ਲਈ ਮਜਬੂਰ ਨਹੀਂ ਕਰ ਰਹੇ ਹਾਂ।’ -ਪੀਟੀਆਈ