ਮੁੰਬਈ, 26 ਸਤੰਬਰ
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਐਤਵਾਰ ਨੂੰ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਦਾਅਵਾ ਕੀਤਾ ਕਿ ਭਗਵਾ ਪਾਰਟੀ, ਲੋਕਾਂ ਦਾ ‘ਮਨੋਰੰਜਨ’ ਕਰ ਰਹੀ ਹੈ ਅਤੇ ਪੁੱਛਿਆ ਕਿ ਕੀ ਕੋਵਿਡ-19 ਮਹਾਮਾਰੀ ਦੌਰਾਨ ਸਿਨੇਮਾ ਹਾਲ ਅਤੇ ਆਡੀਟੋਰੀਅਮ ਖੋਲ੍ਹਣ ਦੀ ਲੋੜ ਹੈ? ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ਵਿੱਚ ਆਪਣੇ ਹਫਤਾਵਾਰੀ ਕਾਲਮ ਵਿੱਚ ਮਰਾਠੀ ਅਖਬਾਰ ਦੇ ਕਾਰਜਕਾਰੀ ਸੰਪਾਦਕ ਰਾਊਤ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਵਿਰੋਧੀ ਪਾਰਟੀ (ਭਾਜਪਾ) ਨੇ ‘ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ’। ਉਨ੍ਹਾਂ ਕਿਹਾ,‘ਹਰ ਰੋਜ਼, ਭਾਜਪਾ ਨੇਤਾ ਕਿਰਿਤ ਸੋਮੱਈਆ ਆਪਣੇ ਹਲਕਿਆਂ ਦੇ ਦੌਰੇ ਦੌਰਾਨ ਵੱਖ-ਵੱਖ ਸੂਬਿਆਂ ਦੇ ਮੰਤਰੀਆਂ ’ਤੇ ਨਵੇਂ ਦੋਸ਼ ਮੜ੍ਹਦੇ ਹਨ। ਉਨ੍ਹਾਂ ਦੇ ਦੋਸ਼ ਸਾਬਣ ਦੇ ਬੁਲਬੁਲਿਆਂ ਵਰਗੇ ਹਨ।’ ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਭਾਜਪਾ ਦੇ ਮੁਖੀ ਚੰਦਰਕਾਂਤ ਪਾਟਿਲ ਦਾ ਵੱਖਰਾ ਅੰਦਾਜ਼ ਹੈ।’ ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿੱਚ ਰਾਊਤ ਦੀ ਪਾਰਟੀ ਦਾ ਐੱਨਸੀਪੀ ਅਤੇ ਕਾਂਗਰਸ ਨਾਲ ਗੱਠਜੋੜ ਹੈ। -ਪੀਟੀਆਈ