ਅਮੇਠੀ, 20 ਫਰਵਰੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਜਪਾ ਨੂੰ ਗਰੀਬਾਂ, ਪੱਛੜਿਆਂ ਤੇ ਕਮਜ਼ੋਰ ਤਬਕਿਆਂ ਦੀ ਸੱਚੀ ਹਿਤੈਸ਼ੀ ਕਰਾਰ ਦਿੰਦਿਆਂ ਵਿਰੋਧੀ ਧਿਰਾਂ ਉਤੇ ਨਿਸ਼ਾਨਾ ਸੇਧਿਆ ਤੇ ਕਿਹਾ ਕਿ, ‘ਵਿਕਾਸ ਰੂਪੀ ਲਕਸ਼ਮੀ ਸਾਈਕਲ, ਹਾਥੀ ਜਾਂ ਹੱਥ ਦੇ ਪੰਜੇ ਉਤੇ ਨਹੀਂ ਬਲਕਿ ਕਮਲ ਦੇ ਫੁੱਲ ਉਤੇ ਸਵਾਰ ਹੋ ਕੇ ਆਉਂਦੀ ਹੈ।’ ਰੱਖਿਆ ਮੰਤਰੀ ਨੇ ਐਤਵਾਰ ਨੂੰ ਜਗਦੀਸ਼ਪੁਰ ਵਿਧਾਨ ਸਭਾ ਸੀਟ ਦੇ ਭਾਜਪਾ ਉਮੀਦਵਾਰ ਦੇ ਸਮਰਥਨ ਵਿਚ ਕਰਵਾਈ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਸਾਡੀ ਪਾਰਟੀ ਨੇ ਹਮੇਸ਼ਾ ਲੋਕਾਂ ਦੀ ਚਿੰਤਾ ਕੀਤੀ ਹੈ। ਚਾਹੇ ਮੁਫ਼ਤ ਅਨਾਜ ਵੰਡ ਹੋਵੇ, ਆਯੂਸ਼ਮਾਨ ਯੋਜਨਾ ਹੋਵੇ ਜਾਂ ਫਿਰ ਕਿਸਾਨ ਸੰਮਾਨ ਨਿਧੀ, ਸਿਰਫ਼ ਭਾਜਪਾ ਹੀ ਗਰੀਬਾਂ ਤੇ ਕਮਜ਼ੋਰ ਤਬਕਿਆਂ ਦੀ ਸੱਚੀ ਹਿਤੈਸ਼ੀ ਪਾਰਟੀ ਹੈ।’ ਉਨ੍ਹਾਂ ਦਾਅਵਾ ਕੀਤਾ ਕਿ ਕੌਮਾਂਤਰੀ ਏਜੰਸੀਆਂ ਨੇ ਵੀ ਕਿਹਾ ਹੈ ਕਿ ਭਾਰਤ ਵਿਚ ਚੰਗੀ ਸਰਕਾਰ ਚਲਾਉਣ ਵਾਲੀ ਪਾਰਟੀ ਸਿਰਫ਼ ਭਾਜਪਾ ਹੀ ਹੈ। ਭਾਜਪਾ ਨੇ ਜੋ ਐਲਾਨ ਕੀਤਾ ਹੈ, ਉਸ ਨੂੰ ਪੂਰਾ ਕੀਤਾ ਹੈ। ਪੀਐਮ ਕਿਸਾਨ ਨਿਧੀ, ਉੱਜਵਲਾ ਯੋਜਨਾ, ਆਵਾਸ ਯੋਜਨਾ ਆਦਿ ਲਕਸ਼ਮੀ ਆਉਣ ਦੇ ਹੀ ਸੰਕੇਤ ਹਨ। ‘ਸਪਾ’ ਉਤੇ ਨਿਸ਼ਾਨਾ ਸੇਧਦਿਆਂ ਰੱਖਿਆ ਮੰਤਰੀ ਨੇ ਕਿਹਾ, ‘ਸਮਾਜਵਾਦੀ ਪਾਰਟੀ ਨੂੰ ਸਮਾਜਵਾਦ ਛੂਹ ਤੱਕ ਨਹੀਂ ਪਾਇਆ ਹੈ।’ ਉਨ੍ਹਾਂ ਕਿਹਾ ਕਿ ਸਮਾਜਵਾਦ ਉਹ ਹੈ ਜੋ ਸਮਾਜ ਨੂੰ ਡਰ ਤੇ ਅਪਰਾਧ ਤੋਂ ਨਿਜਾਤ ਦਿਵਾਏ ਪਰ ਇਹ ਤਾਂ ਭਾਜਪਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਪਿਛਲੀਆਂ ਸਰਕਾਰਾਂ ਆਪਣੇ ਐਲਾਨਾਂ ਨੂੰ ਇਮਾਨਦਾਰੀ ਨਾਲ ਪੂਰਾ ਕਰ ਦਿੰਦੀਆਂ ਤਾਂ ਅੱਜ ਸਾਡਾ ਦੇਸ਼ ਪਿੱਛੇ ਨਾ ਰਹਿੰਦਾ। ਰਾਜਨਾਥ ਨੇ ਕਿਹਾ ਕਿ ਯੂਪੀ ਨੂੰ ਰੱਖਿਆ ਨਿਰਮਾਣ ਦਾ ਧੁਰਾ ਬਣਾਇਆ ਜਾ ਰਿਹਾ ਹੈ। -ਪੀਟੀਆਈ