ਕੋਲਕਾਤਾ, 1 ਮਈ
ਸੀਨੀਅਰ ਕਾਂਗਰਸੀ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਦੋਸ਼ ਲਾਇਆ ਕਿ ਭਾਜਪਾ ਭਾਰਤੀਆਂ ਨੂੰ ਆਪਸ ’ਚ ਵੰਡਣ ਲਈ ‘ਹਿੰਦੀ ਕੌਮੀ ਭਾਸ਼ਾ’ ਜਾਂ ਹਿਜਾਬ ਵਿਵਾਦ ਜਿਹੇ ਬੇਲੋੜੇ ਮੁੱਦੇ ਪੈਦਾ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਭਗਵਾਂ ਪਾਰਟੀ ਵੱਲੋਂ ਪੈਦਾ ਕੀਤੇ ਜਾ ਰਹੇ ਮਾਹੌਲ ’ਚ ਆਪਸ ’ਚ ਲੜਨ ਤੋਂ ਸੁਚੇਤ ਰਹਿਣ ਲਈ ਕਿਹਾ। ਸ੍ਰੀ ਸਿੰਘਵੀ ਨੇ ਪੀਟੀਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਭਾਜਪਾ ਵਿਰੋਧੀ ਲੀਡਰਸ਼ਿਪ ਦਾ ਅਹਿਮ ਤੇ ਅਟੁੱਟ ਅੰਗ ਦੱਸਿਆ ਪਰ ਸਿਰਫ਼ ਉਨ੍ਹਾਂ ਦੇ ਵਿਰੋਧੀ ਚਿਹਰਾ ਹੋਣ ਦੀ ਗੱਲ ਮੰਨਣ ਤੋਂ ਇਨਕਾਰ ਕੀਤਾ।
ਪੱਛਮੀ ਬੰਗਾਲ ਤੋਂ ਰਾਜ ਸਭਾ ਮੈਂਬਰ ਨੇ ਕਾਂਗਰਸ-ਟੀਐੱਮਸੀ ਦੇ ਸਬੰਧਾਂ ਬਾਰੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਵੱਲੋਂ ਕਾਂਗਰਸ ’ਤੇ ਕੀਤਾ ਗਿਆ ਸ਼ਬਦੀ ਹਮਲਾ ਗੋਆ ਤੇ ਦੂਜੇ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦੇ ਸੰਦਰਭ ’ਚ ਸੀ ਤੇ ਸਾਨੂੰ 2024 ਦੀਆਂ ਲੋਕ ਸਭਾ ਚੋਣਾਂ ਲਈ ਸਮੁੱਚੇ ਘਟਨਾਕ੍ਰਮ ਦਾ ਇੰਤਜ਼ਾਰ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਸੁਧਾਰਾਂ ਦੀ ਲੋੜ ਹੈ ਪਰ ਇਹ ਜ਼ਰੂਰੀ ਨਹੀਂ ਹੈ ਕਿ ਪਾਰਟੀ ਚੋਣ ਰਣਨੀਤਕ ਪ੍ਰਸ਼ਾਂਤ ਕਿਸ਼ੋਰ ਦਾ ਹੱਥ ਫੜੇ, ਜੋ ਦੋਵਾਂ ਧਿਰਾਂ ਦੀ ਗੱਲਬਾਤ ਮਗਰੋਂ ਪਾਰਟੀ ’ਚ ਸ਼ਾਮਲ ਨਹੀਂ ਹੋਏ।
ਕੋਲਕਾਤਾ ਵਿੱਚ ਲੇਡੀਜ਼ ਸਟੱਡੀ ਗਰੁੱਪ ਚੈਰੀਟੇਬਲ ਟਰੱਸਟ ਦੇ ਸਾਲਾਨਾ ਇਨਾਮ ਵੰਡ ਸਮਾਗਮ ਤੋਂ ਬਾਅਦ ਉਨ੍ਹਾਂ ਕਿਹਾ,‘ਭਾਜਪਾ ਲੋਕਾਂ ਨੂੰ ਵੰਡਣਾ, ਡਰਾਉਣਾ, ਭੜਕਾਉਣਾ ਤੇ ਲੜਾਉਣਾ ਚਾਹੁੰਦੀ ਹੈ। ਕਿਸੇ ਦਿਨ ਉਹ ਹਿਜਾਬ ਬਾਰੇ ਗੱਲ ਕਰਦੇ ਹਨ, ਕਿਸੇ ਦਿਨ ਭਾਸ਼ਾ ਬਾਰੇ। ਇਹ ਬੇਲੋੜੇ ਪੈਦਾ ਕੀਤੇ ਹੋਏ ਵਿਸ਼ੇ ਹਨ। ਹਾਲਾਂਕਿ ਸ੍ਰੀ ਸਿੰਘਵੀ ਨੇ 1968 ਦੇ ਤ੍ਰੈ-ਭਾਸ਼ਾਈ ਫਾਰਮੂਲੇ ਦੀ ਵਕਾਲਤ ਕੀਤੀ, ਜਿਸਨੂੰ ਇੰਦਰਾ ਗਾਂਧੀ ਦੀ ਸਰਕਾਰ ਵੱਲੋਂ ਪਹਿਲੀ ਵਾਰ ਕੌਮੀ ਸਿੱਖਿਆ ਨੀਤੀ ਵਿੱਚ ਸ਼ਾਮਲ ਕੀਤਾ ਗਿਆ ਸੀ। ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਮੁਲਕ ਦੀ ਰਾਜਨੀਤੀ ਵਿੱਚ ਕਾਂਗਰਸ ਦੀ ਬਜਾਇ ਖੇਤਰੀ ਪਾਰਟੀਆਂ ਨੂੰ ਹੋਰ ਵੱਧ ਜਗ੍ਹਾ ਦੇਣ ਸਬੰਧੀ ਵਾਰ-ਵਾਰ ਕੀਤੀ ਜਾਂਦੀ ਮੰਗ ਬਾਰੇ ਸ੍ਰੀ ਸਿੰਘਵੀ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਕੋਈ ਵੀ ਪਾਰਟੀ ਗੈਰ-ਭਾਜਪਾ ਸਰਕਾਰ ਬਣਾਉਣ ਵੇਲੇ ਕਾਂਗਰਸ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੀ ਪਰ ਸਾਨੂੰ ਖੇਤਰੀ ਪਾਰਟੀਆਂ ਦੀ ਵੀ ਲੋੜ ਹੈ। ਹਾਲ ਹੀ ’ਚ ਗ੍ਰਹਿ ਮੰਤਰਾਲੇ ਦੀ ਸੰਸਦੀ ਕਮੇਟੀ ਦੇ ਚੇਅਰਮੈਨ ਬਣਾਏ ਗਏ ਸ੍ਰੀ ਸਿੰਘਵੀ ਨੇ ਹਾਲਾਂਕਿ ਟੀਐੱਮਸੀ ਦੀ ਭਾਜਪਾ ਨਾਲ ‘ਲੁਕਵੀਂ ਗੱਲਬਾਤ’ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। -ਪੀਟੀਆਈ