ਨਵੀਂ ਦਿੱਲੀ, 5 ਜੁਲਾਈ
ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਆਪਣੇ ਖੋਖ਼ਲੇ ਰਾਸ਼ਟਰਵਾਦ ਨਾਲ ਦੇਸ਼ ਨੂੰ ਖੋਖ਼ਲਾ ਕਰਨ ਦੀ ਘਿਣਾਉਣੀ ਖੇਡ ਖੇਡ ਰਹੀ ਹੈ। ਪਾਰਟੀ ਦੇ ਬੁਲਾਰੇ ਪਵਨ ਖੇੜਾ ਨੇ ਦਾਅਵਾ ਕੀਤਾ ਕਿ ਜੰਮੂ ਕਸ਼ਮੀਰ ਵਿਚ ਫੜੇ ਗਏ ਲਸ਼ਕਰ ਦੇ ਦੋ ਅਤਿਵਾਦੀਆਂ ਵਿਚੋਂ ਇਕ ਤਾਲਬਿ ਹੁਸੈਨ ਸ਼ਾਹ ਭਾਜਪਾ ਦਾ ਅਹੁਦੇਦਾਰ ਹੈ। ਕਾਂਗਰਸ ਨੇ ਨਾਲ ਹੀ ਦੋਸ਼ ਲਾਇਆ ਕਿ ਭਾਜਪਾ ‘ਦੇਸ਼ ਵਿਰੋਧੀ ਤਾਕਤਾਂ ਨਾਲ ਸਨੇਹ ਪਾਲਣ ਦੀ ਇੱਛਾ ਰੱਖਦੀ ਹੈ ਤੇ ਇਹ ਸਭ ਦੇਖ ਕੇ ਧੱਕਾ ਲੱਗਿਆ ਹੈ।’ ਕਾਂਗਰਸ ਨੇ ਇਸ ਮੁੱਦੇ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੁੱਪ ਉਤੇ ਸਵਾਲ ਉਠਾਇਆ। ਜ਼ਿਕਰਯੋਗ ਹੈ ਕਿ ਉਦੈਪੁਰ ਹੱਤਿਆ ਕਾਂਡ ਦੇ ਮੁਲਜ਼ਮ ਰਿਆਜ਼ ਦੇ ਵੀ ਭਾਜਪਾ ਨਾਲ ਕਥਿਤ ਸਬੰਧ ਸਾਹਮਣੇ ਆਏ ਹਨ। ਖੇੜਾ ਨੇ ਕਿਹਾ ਕਿ ਭਾਜਪਾ ਦਾ ਦੋਗਲਾ ਚਿਹਰਾ ਨੰਗਾ ਹੋ ਗਿਆ ਹੈ। ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਪਿੰਡ ਵਾਸੀਆਂ ਵੱਲੋਂ ਫੜੇ ਗਏ ਸ਼ਾਹ ਦੀਆਂ ਭਾਜਪਾ ਆਗੂਆਂ ਨਾਲ ਕਈ ਤਸਵੀਰਾਂ ਸਾਹਮਣੇ ਆਈਆਂ ਸਨ। ਖੇੜਾ ਨੇ ਤਾਲਬਿ ਦੀ ਅਮਿਤ ਸ਼ਾਹ ਨਾਲ ਇਕ ਫੋਟੋ ਸਾਹਮਣੇ ਆਉਣ ਉਤੇ ਵੀ ਸਵਾਲ ਉਠਾਇਆ। ਕਾਂਗਰਸ ਦੇ ਬੁਲਾਰੇ ਨੇ ਕਿਹਾ ਕਿ ਭਾਜਪਾ, ਇਕ ਅਜਿਹੀ ਪਾਰਟੀ ਜੋ ਕਿ ਭਾਰਤੀਆਂ ਨੂੰ ਰਾਸ਼ਟਰਵਾਦ ਬਾਰੇ ਭਾਸ਼ਣ ਦੇਣ ਵਿਚ ਕੋਈ ਕਸਰ ਨਹੀਂ ਛੱਡਦੀ, ਦੇ ਮੈਂਬਰ ਤੇ ਅਹੁਦੇਦਾਰ ਹੀ ਕਈ ਦੇਸ਼ ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਦੇ ਪੁਲੀਸ ਮੁਖੀ ਦਿਲਬਾਗ ਸਿੰਘ ਨੇ ਸੋਮਵਾਰ ਕਿਹਾ ਸੀ ਕਿ ਹੁਸੈਨ ਕੁਝ ਸਮੇਂ ਲਈ ਇਕ ਸਿਆਸੀ ਪਾਰਟੀ ਨਾਲ ਜੁੜਿਆ ਰਿਹਾ ਸੀ ਤੇ ਖ਼ੁਦ ਨੂੰ ਮੀਡੀਆ ਕਰਮੀ ਦੱਸਦਾ ਸੀ। ਭਾਜਪਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀ ਕਿ ਲਸ਼ਕਰ ਦਾ ਗ੍ਰਿਫ਼ਤਾਰ ਅਤਿਵਾਦੀ ਪਾਰਟੀ ਦਾ ਮੈਂਬਰ ਹੈ। ਕਾਂਗਰਸ ਆਗੂ ਨੇ ਕੁਝ ਹੋਰ ਮਾਮਲਿਆਂ ਦਾ ਹਵਾਲਾ ਦਿੰਦਿਆਂ ਕਿਹਾ, ‘ਅਸੀਂ ਮੀਡੀਆ ਦੇ ਮਾਧਿਅਮ ਨਾਲ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਭਾਜਪਾ ਦੇ ਖੋਖ਼ਲੇ ਰਾਸ਼ਟਰਵਾਦ ਨੂੰ ਪਛਾਣਨ।’ ਖੇੜਾ ਨੇ ਭਾਜਪਾ ਉਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ, ‘ਨੂਪੁਰ ਸ਼ਰਮਾ ਵੀ ਤੁਹਾਡੀ ਪਾਰਟੀ ਦੀ ਤੇ ਰਿਆਜ਼ ਅਖ਼ਤਰੀ ਵੀ ਤੁਹਾਡੀ ਪਾਰਟੀ ਦਾ? ਤਾਲਬਿ ਹੁਸੈਨ ਵੀ ਤੁਹਾਡੀ ਪਾਰਟੀ ਦਾ? ਖ਼ੁਦ ਮੁੱਖਧਾਰਾ ਵਿਚ ਰਹਿਣ ਲਈ ਅਜਿਹੇ ਕਿੰਨੇ ਤੱਤ ਤੁਸੀਂ ਪਾਲੇ ਹਨ?’ ਲਸ਼ਕਰ ਦੇ ਗ੍ਰਿਫ਼ਤਾਰ ਅਤਿਵਾਦੀ ਤਾਲਬਿ ਹੁਸੈਨ ਨਾਲ ਕਥਿਤ ਸਬੰਧਾਂ ਦੇ ਮਾਮਲੇ ਵਿਚ ਆਲੋਚਨਾ ਝੱਲ ਰਹੀ ਭਾਜਪਾ ਨੇ ਅੱਜ ਪਾਰਟੀ ਦੇ ਜੰਮੂ ਘੱਟਗਿਣਤੀ ਮੋਰਚਾ ਦੇ ਪ੍ਰਧਾਨ ਸ਼ੇਖ ਬਸ਼ੀਰ ਨੂੰ ਕਾਰਨ-ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਬਸ਼ੀਰ ਨੇ ਹੀ ਸ਼ਾਹ ਨੂੰ ਪਾਰਟੀ ਇਕਾਈ ਵਿਚ ਅਹੁਦਾ ਦਿੱਤਾ ਸੀ। ਭਾਜਪਾ ਨੇ ਇਸ ਮਾਮਲੇ ਵਿਚ ਐਨਆਈਏ ਜਾਂਚ ਵੀ ਮੰਗੀ ਹੈ। -ਪੀਟੀਆਈ
ਐੱਨਆਈਏ ਮੁਖੀ ਤੋਂ ਜਾਂਚ ਦਾ ਘੇਰਾ ਵਧਾਉਣ ਦੀ ਮੰਗ
ਰਾਜਸਥਾਨ ਕਾਂਗਰਸ ਦੇ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਨੇ ਐੱਨਆਈਏ ਮੁਖੀ ਦਿਨਕਰ ਗੁਪਤਾ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਦੈਪੁਰ ਵਿਚ ਦਰਜੀ ਦੀ ਹੱਤਿਆ ਤੇ ਕਸ਼ਮੀਰ ਵਿਚ ਗ੍ਰਿਫ਼ਤਾਰ ਲਸ਼ਕਰ ਦੇ ਅਤਿਵਾਦੀ ਦੇ ਮਾਮਲਿਆਂ ਵਿਚ ਜਾਂਚ ਦਾ ਘੇਰਾ ਵਧਾਇਆ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਦੋਵਾਂ ਕੇਸਾਂ ਦੇ ਮੁਲਜ਼ਮ ਭਾਜਪਾ ਦੇ ਮੈਂਬਰ ਰਹੇ ਹਨ। -ਪੀਟੀਆਈ