ਸ੍ਰੀਨਗਰ, 2 ਜੁਲਾਈ
ਪੀਪਲਜ਼ ਡੈਮਕਰੈਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਭਾਜਪਾ ਵੱਲੋਂ ਅਜੀਤ ਪਵਾਰ ਸਣੇ ਐੱਨਸੀਪੀ ਦੇ ਅੱਠ ਹੋਰ ਨੇਤਾਵਾਂ ਨੂੰ ਮਹਾਰਾਸ਼ਟਰ ਕੈਬਨਿਟ ’ਚ ਸ਼ਾਮਲ ਕੀਤੇ ਜਾਣ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸੱਤਾਧਾਰੀ ਪਾਰਟੀ ‘‘ਵਿਧਾਇਕਾਂ ਨੂੰ ਖਰੀਦਣ ਦੀ ਦੌੜ’’ ਵਿੱਚ ਲੱਗੀ ਹੋਈ ਹੈ। ਮਹਿਬੂਬਾ ਨੇ ਟਵੀਟ ਕੀਤਾ, ‘‘ਭਾਜਪਾ ਨੇ ਜਿਵੇਂ ਮਹਾਰਾਸ਼ਟਰ ਵਿੱਚ ਵਾਰ-ਵਾਰ ਲੋਕਾਂ ਦੇ ਫ਼ਤਵੇ ਨੂੰ ਖੋਖਲਾ ਕੀਤਾ ਹੈ ਉਸ ਦੀ ਨਿਖੇਧੀ ਲਈ ਸ਼ਬਦ ਕਾਫੀ ਨਹੀਂ ਹਨ। ਇਹ ਸਿਰਫ ਜਮਹੂਰੀਅਤ ਦਾ ਹੀ ਕਤਲ ਨਹੀਂ ਹੈ ਸਗੋਂ ਉਹ ਆਪਣੀਆਂ ਅਜਿਹੀਆਂ ‘ਸ਼ਰਮਨਾਕ’ ਕਾਰਵਾਈਆਂ ਨੂੰ ਲੁਕਾਉਣ ਲਈ ਲਈ ਦੇਸ਼ ਭਗਤੀ ਦਾ ਸਹਾਰਾ ਲੈ ਰਹੀ ਹੈ।’’ ਉਨ੍ਹਾਂ ਕਿਹਾ, ‘‘ਇੱਕ ਪਾਸੇ ਭਾਜਪਾ ਭ੍ਰਿਸ਼ਟਾਚਾਰ ਦੋਸ਼ਾਂ ਦੇ ਹੇਠ ਸਿਆਸੀ ਵਿਰੋਧੀਆਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ ਜਦਕਿ ਉਹ ਖ਼ੁਦ ਵਿਧਾਇਕਾਂ ਨੂੰ ਖਰੀਦਣ ਦੀ ਦੌੜ ’ਚ ਲੱਗੇ ਹੋਏ ਹਨ। ਲੋਕਾਂ ਦੇ ਮੁਸ਼ੱਕਤ ਨਾਲ ਕਮਾਏ ਹੋਏ ਪੈਸਿਆਂ ਦੀ ਭਾਜਪਾ ਦੀ ਸੱਤਾ ਦੀ ਭੁੱਖ ਮਿਟਾਉਣ ਲਈ ਦੁਰਵਰਤੋਂ ਕੀਤੀ ਜਾ ਰਹੀ ਹੈ।’’ -ਪੀਟੀਆਈ