ਨਵੀਂ ਦਿੱਲੀ, 13 ਜਲਾਈ
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਆਖਿਆ ਕਿ ਸੱਤਾਧਾਰੀ ਭਾਜਪਾ ਨਿਆਂਪਾਲਿਕਾ ਦੀ ਤੌਹੀਨ ਕਰ ਰਹੀ ਹੈ। ਉਨ੍ਹਾਂ ਉਮੀਦ ਜਤਾਈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਆਬਕਾਰੀ ਨੀਤੀ ਕੇਸ ਤਹਿਤ ਨਿਆਂਇਕ ਹਿਰਾਸਤ ’ਚ ਹਨ, ਜਲਦੀ ਹੀ ਜੇਲ੍ਹ ਤੋਂ ਬਾਹਰ ਆਉਣਗੇ। ਉਨ੍ਹਾਂ ਇਹ ਪ੍ਰਗਟਾਵਾ ਅੱਜ ਇੱਥੇ ਕਾਂਗਰਸੀ ਆਗੂ ਸੋਨੀਆ ਗਾਂਧੀ ਦੀ 10 ਜਨਪਥ ਸਥਿਤ ਰਿਹਾਇਸ਼ ’ਤੇ ਉਨ੍ਹਾਂ ਨਾਲ ਮੁਲਾਕਾਤ ਮਗਰੋਂ ਕੀਤਾ। ਮੁਲਾਕਾਤ ਮੌਕੇ ਸੋਰੇਨ ਦੀ ਪਤਨੀ ਕਲਪਨਾ ਸੋਰੇਨ ਵੀ ਉਨ੍ਹਾਂ ਦੇ ਨਾਲ ਸਨ।
ਸੋਨੀਆ ਗਾਂਧੀ ਦੀ ਰਿਹਾਇਸ਼ ਦੇ ਬਾਹਰ ਸੋਰੇਨ ਨੇ ਪੱਤਰਕਾਰਾਂ ਨੂੰ ਆਖਿਆ ਕਿ ਜੇਲ੍ਹ ’ਚੋਂ ਬਾਹਰ ਆਉਣ ਮਗਰੋਂ ਇਹ ਉਨ੍ਹਾਂ ਦੀ ਰਸਮੀ ਮੁਲਾਕਾਤ ਸੀ। ਕਾਂਗਰਸ ਤੇ ਝਾਰਖੰਡ ਮੁਕਤੀ ਮੋਰਚਾ (ਜੇਜੇਐੱਮ) ਇੰਡੀਆ ਗੱਠਜੋੜ ’ਚ ਸਹਿਯੋਗੀ ਹਨ ਅਤੇ ਇਨ੍ਹਾਂ ਨੇ ਲੋਕ ਸਭਾ ਚੋਣਾਂ ਰਲ ਕੇ ਲੜੀਆਂ ਸਨ। ਝਾਰਖੰਡ ਮੁਕਤੀ ਮੋਰਚਾ (ਜੇਜੇਐੱਮ) ਦੇ ਆਗੂ ਸੋਰੇਨ ਨੇ ਆਖਿਆ, ‘‘ਮੈਂ ਜੇਲ੍ਹ ’ਚੋਂ ਬਾਹਰ ਆਉਣ ਮਗਰੋਂ ਸੋਨੀਆ ਗਾਂਧੀ ਨੂੰ ਨਹੀਂ ਮਿਲਿਆ ਸੀ ਅਤੇ ਇਸ ਕਰਕੇ ਅੱਜ ਮੈਂ ਇੱਥੇ ਆਇਆ ਹਾਂ। ਆਗਾਮੀ ਝਾਰਖੰਡ ਅਸੈਂਬਲੀ ਚੋਣਾਂ ਲਈ ਵਿਚਾਰ-ਵਟਾਂਦਰਾ ਜਾਰੀ ਰਹੇਗਾ।’’
ਝਾਰਖੰਡ ਦੇ ਮੁੱਖ ਮੰਤਰੀ ਨੇ ਸੀਬੀਆਈ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਭਾਜਪਾ ਦੀ ਆਲੋਚਨਾ ਕੀਤੀ ਅਤੇ ਦਾਅਵਾ ਕੀਤਾ ਕਿ ਭਗਵਾ ਪਾਰਟੀ ਨਿਆਂਪਾਲਿਕਾ ਦੀ ਤੌਹੀਨ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਭਾਰਤੀ ਲੋਕ ਬਹੁਤ ਸਹਿਣਸ਼ੀਲ ਅਤੇ ਸਹਿਯੋਗੀ ਹਨ। ਉਹ ਉਦੋਂ ਤੱਕ ਬਹੁਤ ਕੁਝ ਸਹਿਣ ਕਰਦੇ ਹਨ ਜਦੋਂ ਤੱਕ ਸਹਿਣ ਕਰ ਸਕਦੇ ਹਨ ਅਤੇ ਫਿਰ ਵੋਟਾਂ ਪਾ ਕੇ ਆਪਣੀ ਗੱਲ ਮੰਨਵਾ ਲੈਂਦੇ ਹਨ। ਭਾਜਪਾ ਨੇ ਨਿਆਂਪਾਲਿਕਾ ਦੀ ਤੌਹੀਨ ਕੀਤੀ ਹੈ। ਮੈਨੂੰ ਉਮੀਦ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਜਲਦੀ ਹੀ ਜ਼ਮਾਨਤ ਮਿਲ ਜਾਵੇਗੀ।’’ ਦੱਸਣਯੋਗ ਹੈ ਕਿ ਝਾਰਖੰਡ ਹਾਈ ਕੋਰਟ ਵੱਲੋਂ ਜ਼ਮਾਨਤ ਦੇਣ ਮਗਰੋਂ ਹੇਮੰਤ ਸੋਰੇਨ ਗ੍ਰਿਫ਼ਤਾਰੀ ਤੋਂ ਲਗਪਗ ਮਹੀਨੇ ਬਾਅਦ 28 ਜੂਨ ਨੂੰ ਬਿਰਸਾ ਮੁੰਡਾ ਜੇਲ੍ਹ ’ਚੋਂ ਰਿਹਾਅ ਹੋਏ ਸਨ। ਈਡੀ ਨੇ ਉਨ੍ਹਾਂ ਨੂੰ ਕਥਿਤ ਜ਼ਮੀਨ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ’ਚ 31 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਹੇਮੰਤ ਸੋਰੇਨ ਨੇ ਲੰਘੀ 8 ਜੁਲਾਈ ਨੂੰ ਤੀਜੀ ਵਾਰ ਝਾਰਖੰਡ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ। -ਏਐੱਨਆਈ
ਹੇਮੰਤ ਸੋਰੇਨ ਤੇ ਕਲਪਨਾ ਵੱਲੋਂ ਸੁਨੀਤਾ ਕੇਜਰੀਵਾਲ ਨਾਲ ਮੁਲਾਕਾਤ
ਨਵੀਂ ਦਿੱਲੀ: ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਤੇ ਉਨ੍ਹਾਂ ਦੀ ਪਤਨੀ ਕਲਪਨਾ ਸੋਰੇਨ ਨੇ ਅੱਜ ਇੱਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਦਿੱਲੀ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਇਸ ਮੁਲਾਕਾਤ ਦੌਰਾਨ ‘ਆਪ’ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਵੀ ਮੌਜੂਦ ਸਨ। ਆਮ ਆਦਮੀ ਪਾਰਟੀ ਨੇ ਇਸ ਮੁਲਾਕਾਤ ਦੀ ਇੱਕ ਵੀਡੀਓ ‘ਐਕਸ’ ਉੱਤੇ ਸਾਂਝੀ ਕੀਤੀ ਹੈ ਅਤੇ ਇਸ ਦੀ ਕੈਪਸ਼ਨ ’ਚ ਲਿਖਿਆ, ‘‘ਤਾਨਾਸ਼ਾਹੀ ਖ਼ਿਲਾਫ਼ ‘ਇੰਡੀਆ’ ਇਕਜੁੱਟ ਹੈ।’’ -ਪੀਟੀਆਈ