ਨਵੀਂ ਦਿੱਲੀ, 2 ਨਵੰਬਰ
ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਝਾਰਖੰਡ ਵਿਧਾਨ ਸਭਾ ਚੋਣਾਂ ਵਿੱਚ ‘ਇੰਡੀਆ’ ਗੱਠਜੋੜ ਕੰਮ ਦੇ ਆਧਾਰ ’ਤੇ ਜਨਤਾ ਦਾ ਸਮਰਥਨ ਮੰਗ ਰਿਹਾ ਹੈ ਜਦਕਿ ਭਾਜਪਾ ਨਫ਼ਰਤ ਦੀ ਰਾਜਨੀਤੀ ਕਰ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਾਰਟੀ ਦੇ ਜਨਰਲ ਸਕੱਤਰ ਤੇ ਸੰਚਾਰ ਇੰਚਾਰਜ ਜੈਰਾਮ ਰਮੇਸ਼ ਨੇ ਇਹ ਵੀ ਕਿਹਾ ਕਿ ਝਾਰਖੰਡ ਦੇ ਲੋਕ ਕਿਸੇ ਵੀ ਤਰ੍ਹਾਂ ਦੇ ਭੁਲੇਖੇ ਵਿੱਚ ਨਹੀਂ ਆਉਣਗੇ ਅਤੇ ‘ਇੰਡੀਆ’ ਗੱਠਜੋੜ ਨੂੰ ਮੁੜ ਤੋਂ ਸੇਵਾ ਦਾ ਮੌਕਾ ਦੇਣਗੇ। ਰਮੇਸ਼ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਪਿਛਲੇ ਪੰਜ ਸਾਲਾਂ ਵਿੱਚ ਝਾਰਖੰਡ ਦੀ ‘ਇੰਡੀਆ’ ਗੱਠਜੋੜ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਬਿਹਤਰੀ ਲਈ ਕਈ ਕਦਮ ਉਠਾਏ ਹਨ। ਸਿੱਖਿਆ ਤੋਂ ਲੈ ਕੇ ਸਿਹਤ ਅਤੇ ਆਵਾਸ ਤੋਂ ਲੈ ਕੇ ਸੁਰੱਖਿਆ ਤੱਕ ਦੇ ਖੇਤਰ ਵਿੱਚ ਬਿਹਤਰੀਨ ਕੰਮ ਹੋਏ ਹਨ।’’ -ਪੀਟੀਆਈ