ਜੈਪੁਰ, 20 ਨਵੰਬਰ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦੋਸ਼ ਲਾਇਆ ਹੈ ਕਿ ‘ਲਵ ਜਹਾਦ’ ਸ਼ਬਦ ਭਾਜਪਾ ਵੱਲੋਂ ਫ਼ਿਰਕੂ ਭਾਈਚਾਰਾ ਵਿਗਾੜਨ ਲਈ ਲਿਆਂਦਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਜਪਾ ਦੀ ਅਗਵਾਈ ਵਾਲੇ ਕਈ ਸੂਬੇ ‘ਲਵ ਜਹਾਦ’ ਖ਼ਿਲਾਫ਼ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਹੇ ਹਨ। ਗਹਿਲੋਤ ਨੇ ਕਿਹਾ ਕਿ ਵਿਆਹ ਨਿੱਜੀ ਆਜ਼ਾਦੀ ਦਾ ਮਸਲਾ ਹੈ ਤੇ ਇਸ ਨੂੰ ਕਾਬੂ ਕਰਨ ਲਈ ਕਾਨੂੰਨ ਲਿਆਉਣਾ ਗ਼ੈਰ-ਸੰਵਿਧਾਨਕ ਹੈ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਕਿਸੇ ਵੀ ਅਦਾਲਤ ਵਿਚ ਚੁਣੌਤੀ ਦੇਣ ’ਤੇ ਟਿਕ ਨਹੀਂ ਸਕੇਗਾ। ਗਹਿਲੋਤ ਨੇ ਦੋਸ਼ ਲਾਇਆ ਕਿ ਭਾਜਪਾ ਇਸ ਰਾਹੀਂ ਮੁਲਕ ਨੂੰ ਵੰਡਣਾ ਚਾਹੁੰਦੀ ਹੈ ਤੇ ਫ਼ਿਰਕੂ ਏਕਤਾ ਵਿਗਾੜਨਾ ਚਾਹੁੰਦੀ ਹੈ। ਮੁੱਖ ਮੰਤਰੀ ਨੇ ਟਵੀਟ ਕੀਤਾ ‘ਪਿਆਰ ਵਿਚ ਜਹਾਦ ਲਈ ਕੋਈ ਥਾਂ ਨਹੀਂ ਹੈ। ਭਾਜਪਾ ਅਜਿਹਾ ਮਾਹੌਲ ਬਣਾ ਰਹੀ ਹੈ ਜਿਸ ਵਿਚ ਬਾਲਗ ਸਹਿਮਤੀ ਲਈ ਸਰਕਾਰਾਂ ਉਤੇ ਨਿਰਭਰ ਹੋ ਜਾਣਗੇ। ਇਹ ਨਿੱਜੀ ਆਜ਼ਾਦੀ ਖੋਹਣ ਵਰਗਾ ਹੈ।’ ਭਾਜਪਾ ਦੇ ਕੌਮੀ ਜਨਰਲ ਸਕੱਤਰ ਸੀ.ਟੀ. ਰਵੀ ਨੇ ਕਿਹਾ ਹੈ ਕਿ ਕਰਨਾਟਕ ਵਿਚ ਵੀ ‘ਲਵ ਜਹਾਦ’ ਤੇ ਗਊ ਹੱਤਿਆ ਉਤੇ ਰੋਕ ਲਾਉਣ ਲਈ ਕਾਨੂੰਨ ਲਿਆਂਦਾ ਜਾ ਰਿਹਾ ਹੈ।
ਇਸੇ ਦੌਰਾਨ ਅੱਜ ਉੱਤਰ ਪ੍ਰਦੇਸ਼ ਦੇ ਗ੍ਰਹਿ ਵਿਭਾਗ ਨੇ ਸੂਬੇ ਦੇ ਨਿਆਂ ਵਿਭਾਗ ਨੂੰ ਸਖ਼ਤ ਕਾਨੂੰਨ ਬਣਾਉਣ ਲਈ ਤਜਵੀਜ਼ ਭੇਜ ਦਿੱਤੀ ਹੈ। -ਪੀਟੀਆਈ
ਸੀਬੀਆਈ ਵੱਲੋਂ ਯੂਪੀ ਸ਼ੀਆ ਵਕਫ਼ ਬੋਰਡ ਦਾ ਸਾਬਕਾ ਮੁਖੀ ਦੋ ਕੇਸਾਂ ’ਚ ਨਾਮਜ਼ਦ
ਲਖਨਊ, 20 ਨਵੰਬਰ
ਕੇਂਦਰੀ ਜਾਂਚ ਬਿਊਰੋ ਵੱਲੋਂ ਦੋ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਬੋਰਡ ਦੀ ਜਾਇਦਾਦ ਵੇਚਣ, ਖਰੀਦਣ ਤੇ ਤਬਦੀਲ ਕਰਨ ’ਚ ਬੇਨਿਯਮੀਆਂ ਦੇ ਦੋਸ਼ ਤਹਿਤ ਉੱਤਰ ਪ੍ਰਦੇਸ਼ ਸ਼ੀਆ ਵਕਫ਼ ਬੋਰਡ ਦੇ ਸਾਬਕਾ ਮੁੱਖੀ ਵਸੀਮ ਰਿਜ਼ਵੀ ਤੇ ਹੋਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਹਜ਼ਰਤਗੰਜ ਪੁਲੀਸ ਥਾਣੇ ਵਿੱਚ 27 ਮਾਰਚ 2017 ਅਤੇ ਸਾਲ 2016 ’ਚ ਪ੍ਰਯਾਗਰਾਜ ਵਿੱਚ ਦਰਜ ਹੋਏ ਕੇਸਾਂ ਦੇ ਆਧਾਰ ’ਤੇ ਇਹ ਕੇਸ ਵੀਰਵਾਰ ਸ਼ਾਮ ਨੂੰ ਸੀਬੀਆਈ ਵੱਲੋਂ ਦਰਜ ਕੀਤੇ ਗਏ ਹਨ।
ਪਹਿਲੀ ਐੱਫਆਈਆਰ ਤੌਸੀਫੁਲ ਹਸਨ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਸੀ ਜਿਸ ਨੇ ਦੋਸ਼ ਲਗਾਇਆ ਸੀ ਕਿ ਇਸ ਸੱਚ ਦੇ ਬਾਵਜੂਦ ਕਿ ਉਹ ਕਾਨਪੁਰ ਵਿੱਚ ਇਕ ਪਲਾਟ ਦੇ ‘ਮੁਤਵਾਲੀ’ ਸੀ, ਰਿਜ਼ਵੀ ਅਤੇ ਉਸ ਦੇ ਸਾਥੀਆਂ ਵਿਜੈ ਕ੍ਰਿਸ਼ਨਾ ਸੋਮਾਨੀ, ਨਰੇਸ਼ ਸੋਮਾਨੀ, ਗੁਲਾਮ ਰਿਜ਼ਵੀ ਤੇ ਵਕਾਰ ਰਜ਼ਾ ਨੇ ਉਸ ਨੂੰ ਉਸ ਦੇ ਅਧਿਕਾਰਾਂ ਤੋਂ ਵਾਂਝਾ ਕਰ ਦਿੱਤਾ। ਉਸ ਨੇ ਦੋਸ਼ ਲਾਇਆ ਕਿ ਉਕਤ ਲੋਕਾਂ ਨੇ ਅਸਲ ਦਸਤਾਵੇਜ਼ ਚੋਰੀ ਕੀਤੇ ਸਨ। ਸੀਬੀਆਈ ਵੱਲੋਂ ਰਿਜ਼ਵੀ ਤੇ ਚਾਰ ਹੋਰਾਂ ਨੂੰ ਭਰੋਸੇ ਦੀ ਅਪਰਾਧਿਕ ਉਲੰਘਣਾ, ਧੋਖਾਧੜੀ ਅਤੇ ਅਪਰਾਧਿਕ ਧਮਕੀ ਦੇਣ ਦੇ ਦੋਸ਼ ਹੇਠ ਨਾਮਜ਼ਦ ਕੀਤਾ ਗਿਆ ਹੈ।
ਦੂਜੀ ਐੱਫਆਈਆਰ ਵਿੱਚ, ਸ਼ਿਕਾਇਕਰਤਾ ਸੁਧਾਂਕ ਮਿਸ਼ਰਾ ਨੇ ਰਿਜ਼ਵੀ ’ਤੇ ਅਲਾਹਬਾਦ ਵਿੱਚ ਪੁਰਾਣੇ ਜੀਟੀ ਰੋਡ ’ਤੇ ਇਮਾਂਬਰਾ ’ਚ ਗੈਰ-ਕਾਨੂੰਨੀ ਤੌਰ ’ਤੇ ਦੁਕਾਨਾਂ ਬਣਾਉਣ ਦੇ ਦੋਸ਼ ਲਗਾਏ ਸਨ। ਸੂਬੇ ਦੇ ਗ੍ਰਹਿ ਵਿਭਾਗ ਨੇ ਇਸ ਮਾਮਲੇ ’ਚ ਅਕਤੂਬਰ 2019 ’ਚ ਸੀਬੀਆਈ ਜਾਂਚ ਦੀ ਸਿਫ਼ਾਰਿਸ਼ ਕੀਤੀ ਸੀ। -ਆਈਏਐੱਨਐੱਸ