ਮੁੰਬਈ/ਨਾਗਪੁਰ, 7 ਦਸੰਬਰ
ਐੱਨਸੀਪੀ ਨੇ ਦੋਸ਼ ਲਾਇਆ ਹੈ ਕਿ ਸਾਬਕਾ ਖੇਤੀ ਮੰਤਰੀ ਸ਼ਰਦ ਪਵਾਰ ਵੱਲੋਂ ਲਿਖੀ ਗਈ ਚਿੱਠੀ ਰਾਹੀਂ ਭਾਜਪਾ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਿਸਾਨਾਂ ਨੂੰ ਐੱਨਸੀਪੀ ਵੱਲੋਂ ਹਮਾਇਤ ਦਿੱਤੇ ਜਾਣ ਮਗਰੋਂ ਕੇਂਦਰ ਨੇ ਇਸ ਪੱਤਰ ਨੂੰ ਮੁੱਦਾ ਬਣਾਇਆ ਹੈ। ਐੱਨਸੀਪੀ ਨੇ ਕਿਹਾ ਹੈ ਕਿ ਖੇਤੀ ਮੰਤਰੀ ਰਹਿੰਦਿਆਂ ਸ੍ਰੀ ਪਵਾਰ ਨੇ ਕਈ ਸੂਬਿਆਂ ਨੂੰ ਅਟਲ ਬਿਹਾਰੀ ਵਾਜਪਾਈ ਸਰਕਾਰ ਦੇ ਏਪੀਐੱਮਸੀ ਐਕਟ ਨੂੰ ਲਾਗੂ ਕਰਨ ਲਈ ਮਨਾਇਆ ਸੀ। ਐੱਨਸੀਪੀ ਤਰਜਮਾਨ ਅਤੇ ਮਹਾਰਾਸ਼ਟਰ ਸਰਕਾਰ ’ਚ ਮੰਤਰੀ ਨਵਾਬ ਮਲਿਕ ਨੇ ਕਿਹਾ ਕਿ ਸ੍ਰੀ ਪਵਾਰ ਨੇ ਸਰਬਸੰਮਤੀ ਨਾਲ ਫ਼ੈਸਲੇ ਲਏ ਅਤੇ ਸੂਬਿਆਂ ’ਤੇ ਕਦੇ ਵੀ ਥੋਪੇ ਨਹੀਂ ਜਦਕਿ ਮੋਦੀ ਸਰਕਾਰ ਤਾਨਾਸ਼ਾਹੀ ਢੰਗ ਨਾਲ ਸੂਬਿਆਂ ’ਤੇ ਖੇਤੀ ਕਾਨੂੰਨ ਥੋਪ ਰਹੀ ਹੈ। ਉਨ੍ਹਾਂ ਕਿਹਾ ਕਿ ਐੱਨਸੀਪੀ ਨੂੰ ਜਾਣਬੁੱਝ ਕੇ ਮੋਦੀ ਸਰਕਾਰ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। -ਪੀਟੀਆਈ